ਅਮਰੀਕਾ 'ਚ ਉੱਠਿਆ ਭਾਰਤੀ ਕਿਸਾਨਾਂ ਦਾ ਮੁੱਦਾ, ਸੰਸਦ ਮੈਂਬਰਾਂ ਨੇ ਪੋਂਪੀਓ ਤੋਂ ਕੀਤੀ ਵੱਡੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਪੋਂਪੀਓ ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਪੰਜਾਬ ਨਾਲ ਜੁੜਿਆ ਇਹ ਮੁੱਦਾ ਅਮਰੀਕੀ ਸਿੱਖਾਂ ਲਈ ਚਿੰਤਾ ਦਾ ਇੱਕ ਪ੍ਰਮੁੱਖ ਕਾਰਨ ਹੈ

7 US lawmakers write to Mike Pompeo on farmers’ protest in India

ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਸਮੇਤ ਅਮਰੀਕਾ ਦੇ ਸੱਤ ਪ੍ਰਭਾਵਸ਼ਾਲੀ MPs ਨੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਭਾਰਤ ’ਚ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਉਹ ਭਾਰਤ ਦੇ ਵਿਦੇਸ਼ੀ ਮੰਤਰੀ ਕੋਲ ਚੁੱਕਣ। ਭਾਰਤ ਨੇ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਵਿਦੇਸ਼ੀ ਆਗੂਆਂ ਦੀਆਂ ਟਿੱਪਣੀਆਂ ਨੂੰ ‘ਭਰਮਾਊ ਸੂਚਨਾਵਾਂ ਉੱਤੇ ਆਧਾਰਤ’ ਤੇ ‘ਗ਼ੈਰ-ਵਾਜਬ’ ਦੱਸਿਆ ਹੈ ਤੇ ਜ਼ੋਰ ਦੇ ਕੇ ਆਖਿਆ ਹੈ ਕਿ ਇਹ ਇੱਕ ਜਮਹੂਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਜੁੜਿਆ ਮੁੱਦਾ ਹੈ।

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਪੋਂਪੀਓ ਨੂੰ 23 ਦਸੰਬਰ ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਪੰਜਾਬ ਨਾਲ ਜੁੜਿਆ ਇਹ ਮੁੱਦਾ ਅਮਰੀਕੀ ਸਿੱਖਾਂ ਲਈ ਚਿੰਤਾ ਦਾ ਇੱਕ ਪ੍ਰਮੁੱਖ ਕਾਰਨ ਹੈ ਤੇ ਇਹ ਹੋਰ ਸੂਬਿਆਂ ’ਚ ਵੱਸਦੇ ਪ੍ਰਵਾਸੀ ਭਾਰਤੀਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਚਿੱਠੀ ਵਿਚ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਸਿਆਸੀ ਵਿਰੋਧਾਂ ਤੋਂ ਜਾਣੂ ਰਾਸ਼ਟਰ ਹੋਣ ਦੇ ਨਾਤੇ ਅਮਰੀਕਾ ਸਮਾਜਕ ਅਸ਼ਾਂਤੀ ਦੇ ਵਰਤਮਾਨ ਹਾਲਾਤ ’ਚ ਭਾਰਤ ਨੂੰ ਸਲਾਹ ਦੇ ਸਕਦਾ ਹੈ।

ਅਮਰੀਕੀ MPs ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਦੇ ਮੌਜੂਦਾ ਕਾਨੂੰਨ ਦੀ ਪਾਲਣਾ ਵਿਚ ਰਾਸ਼ਟਰੀ ਨੀਤੀ ਤੈਅ ਕਰਨ ਦੇ ਅਧਿਕਾਰ ਦਾ ਉਹ ਸਤਿਕਾਰ ਕਰਦੇ ਹਨ। ਅਸੀਂ ਭਾਰਤ ਤੇ ਵਿਦੇਸ਼ਾਂ ’ਚ ਉਨ੍ਹਾਂ ਲੋਕਾਂ ਦੇ ਅਧਿਕਾਰਾਂ ਨੂੰ ਵੀ ਸਮਝਦੇ ਹਾਂ, ਜੋ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਖੇਤੀ ਕਾਨੂੰਨਾਂ ਨੂੰ ਕਈ ਭਾਰਤੀ ਕਿਸਾਨ ਆਪਣੀ ਆਰਥਿਕ ਸੁਰੱਖਿਆ ਲਈ ਖ਼ਤਰੇ ਵਜੋਂ ਵੇਖਦੇ ਹਨ। ਚਿੱਠੀ ਉੱਤੇ ਸੰਸਦ ਮੈਂਬਰਾਂ ਪ੍ਰਮਿਲਾ ਜੈਪਾਲ, ਡੋਨਾਲਡ ਨੋਰਕੋਂਸ, ਬ੍ਰੈਨਡਾਨ ਐੱਫ਼ ਬਾੱਇਲ, ਬ੍ਰਾਇਨ ਫ਼ਿਟਜ਼ਪੈਟ੍ਰਿਕ, ਮੇਰੀ ਗੇ ਸਕਾਨਲੋਨ, ਡੈਬੀ ਡਿੰਗੇਲ ਤੇ ਡੇਵਿਡ ਟ੍ਰੋਨ ਦੇ ਦਸਤਖ਼ਤ ਹਨ।