International News: ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ’ਤੇ ਕੀਤੀ ਏਅਰਸਟ੍ਰਾਈਕ, 15 ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

International News: ਤਾਲੀਬਾਨ ਨੇ ਦਿਤੀ ਜਵਾਬੀ ਕਾਰਵਾਈ ਦੀ ਧਮਕੀ

Pakistan carried out airstrikes on Afghanistan, 15 killed Taliban threatens retaliation

 

International News: ਪਾਕਿਸਤਾਨ ਨੇ ਮੰਗਲਵਾਰ ਦੇਰ ਰਾਤ ਅਫ਼ਗ਼ਾਨਿਸਤਾਨ ਦੇ ਪਕਤਿਕਾ ਸੂਬੇ ਦੇ ਬਰਮਲ ਜ਼ਿਲ੍ਹੇ ’ਚ ਹਵਾਈ ਹਮਲੇ ਕੀਤੇ। ਇਸ ਹਮਲੇ ’ਚ ਕਰੀਬ 15 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮਰਨ ਵਾਲਿਆਂ ਵਿਚ ਔਰਤਾਂ ਤੇ ਬੱਚੇ ਸ਼ਾਮਲ ਹਨ। ਇਸ ਦੇ ਨਾਲ ਹੀ ਅਫ਼ਗ਼ਾਨ ਅਧਿਕਾਰੀਆਂ ਨੇ ਇਸ ਹਮਲੇ ਬਾਰੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਖਾਮਾ ਪ੍ਰੈੱਸ ਨੇ ਜਾਣਕਾਰੀ ਦਿਤੀ ਕਿ 24 ਦਸੰਬਰ ਦੀ ਰਾਤ ਨੂੰ ਹੋਏ ਹਵਾਈ ਹਮਲੇ ਵਿਚ ਲਮਨ ਸਮੇਤ ਕਰੀਬ ਸੱਤ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਕ ਹੀ ਪਰਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨੀ ਜੰਗੀ ਜਹਾਜ਼ਾਂ ਨੇ ਇਹ ਹਮਲਾ ਕੀਤਾ ਹੈ। ਇਸ ਹਮਲੇ ਵਿਚ ਬਰਮਾਲ ਦਾ ਮੁਰਗਾ ਬਾਜ਼ਾਰ ਬੁਰੀ ਤਰ੍ਹਾਂ ਤਬਾਹ ਹੋ ਗਿਆ ਹੈ। ਹਮਲੇ ਤੋਂ ਬਾਅਦ ਤਣਾਅ ਵਧ ਗਿਆ ਹੈ। ਇਸ ਦੇ ਨਾਲ ਹੀ ਰਾਹਤ ਕਾਰਜ ਸ਼ੁਰੂ ਕਰ ਦਿਤੇ ਗਏ ਹਨ। ਹਮਲੇ ਤੋਂ ਬਾਅਦ ਤਾਲਿਬਾਨ ਦੇ ਰਖਿਆ ਮੰਤਰਾਲੇ ਨੇ ਬਿਆਨ ਜਾਰੀ ਕੀਤਾ ਹੈ। ਰਖਿਆ ਮੰਤਰਾਲੇ ਨੇ ਬਰਮਾਲ, ਪਕਤਿਕਾ ’ਤੇ ਹਵਾਈ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਕਰਨ ਦੀ ਸਹੁੰ ਖਾਧੀ ਹੈ।

ਮੰਤਰਾਲੇ ਨੇ ਕਿਹਾ ਕਿ ਅਪਣੀ ਜ਼ਮੀਨ ਅਤੇ ਪ੍ਰਭੂਸੱਤਾ ਦੀ ਰਖਿਆ ਕਰਨਾ ਉਨ੍ਹਾਂ ਦਾ ਜਾਇਜ਼ ਅਧਿਕਾਰ ਹੈ ਅਤੇ ਹਮਲੇ ਦੀ ਨਿੰਦਾ ਕਰਦੇ ਹੋਏ ਦਾਅਵਾ ਕੀਤਾ ਕਿ ਨਿਸ਼ਾਨਾ ਬਣਾਏ ਗਏ ‘ਵਜ਼ੀਰਿਸਤਾਨੀ ਸ਼ਰਨਾਰਥੀ’ ਸ਼ਾਮਲ ਸਨ। ਹਾਲਾਂਕਿ ਪਾਕਿਸਤਾਨੀ ਅਧਿਕਾਰੀਆਂ ਨੇ ਅਧਿਕਾਰਤ ਤੌਰ ’ਤੇ ਹਵਾਈ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਫ਼ੌਜ ਦੇ ਨਜ਼ਦੀਕੀ ਸੁਰੱਖਿਆ ਸੂਤਰਾਂ ਨੇ ਕਿਹਾ ਕਿ ਇਹ ਹਮਲਾ ਸਰਹੱਦ ਨੇੜੇ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।
ਸੂਤਰਾਂ ਨੇ ਦਸਿਆ ਕਿ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 15 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਖੋਜ ਮੁਹਿੰਮ ਜਾਰੀ ਰਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।