Bangladesh ਦੀ ਸਾਬਕਾ PM ਖਾਲਿਦਾ ਜ਼ਿਆ ਦਾ ਪੁੱਤਰ 17 ਸਾਲ ਬਾਅਦ ਬੰਗਲਾਦੇਸ਼ ਪਰਤਿਆ
2008 ’ਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਆਪਣੇ ਪਰਿਵਾਰ ਸਮੇਤ ਗਏ ਸਨ ਲੰਡਨ
ਢਾਕਾ : ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਿਮਾਨ 17 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਆਪਣੇ ਦੇਸ਼ ਵਾਪਸ ਪਰਤ ਆਏ ਹਨ। ਲੰਡਨ ਵਿੱਚ ਲੰਬਾ ਸਮਾਂ ਜਲਾਵਤਨੀ ਕੱਟਣ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਨੂੰ ਬੰਗਲਾਦੇਸ਼ ਦੀ ਸਿਆਸਤ ਵਿੱਚ ਇੱਕ ਨਿਰਣਾਇਕ ਮੋੜ ਵਜੋਂ ਦੇਖਿਆ ਜਾ ਰਿਹਾ ਹੈ । ਹਵਾਈ ਅੱਡੇ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਤਾਰਿਕ ਰਹਿਮਾਨ ਬੰਗਲਾਦੇਸ਼ ਏਅਰਲਾਈਨਜ਼ ਦੀ ਉਡਾਣ ਰਾਹੀਂ ਅੱਜ ਸਵੇਰੇ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇ। ਉਨ੍ਹਾਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਨੇ ਵਿਆਪਕ ਪ੍ਰਬੰਧ ਕੀਤੇ ਗਏ ਸਨ ਅਤੇ ਹਵਾਈ ਅੱਡੇ 'ਤੇ ਉਨ੍ਹਾਂ ਦੀ ਆਵਾਜਾਈ ਲਈ ਵਿਸ਼ੇਸ਼ ਬੁਲੇਟਪਰੂਫ ਗੱਡੀ ਦਾ ਪ੍ਰਬੰਧ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਤਾਰਿਕ ਰਹਿਮਾਨ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਵੱਡੇ ਪੁੱਤਰ ਹਨ। ਉਨ੍ਹਾਂ ਦੇ ਪਿਤਾ, ਜ਼ਿਆਉਰ ਰਹਿਮਾਨ, ਦੇਸ਼ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ ਅਤੇ ਬੀ.ਐਨ.ਪੀ. ਦੇ ਸੰਸਥਾਪਕ ਸਨ। ਆਉਣ ਵਾਲੀਆਂ ਫਰਵਰੀ ਦੀਆਂ ਆਮ ਚੋਣਾਂ ਵਿੱਚ ਤਾਰਿਕ ਰਹਿਮਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਤਾਰਿਕ ਰਹਿਮਾਨ ਨੂੰ 2007 ਵਿੱਚ ਰਾਜਨੀਤਿਕ ਉਥਲ-ਪੁਥਲ ਦੇ ਚਲਦਿਆਂ ਗ੍ਰਿਫਤਾਰ ਕੀਤਾ ਗਿਆ ਸੀ। 2008 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ, ਉਹ ਆਪਣੇ ਪਰਿਵਾਰ ਨਾਲ ਇਲਾਜ ਲਈ ਲੰਡਨ ਚਲਾ ਗਿਆ ਅਤੇ ਉਦੋਂ ਤੋਂ ਉੱਥੇ ਰਹਿ ਰਹੇ ਸਨ। ਜਿਨ੍ਹਾਂ ਦੀ ਹੁਣ 17 ਸਾਲ ਬਾਅਦ ਵਾਪਸੀ ਹੋਈ ਹੈ।