ਕੈਨੇਡਾ ਵਿਚ ਸੋਨੇ ਦੀ ਲੁੱਟ ਦੀ ਭਰਪਾਈ ਲਈ ਅਦਾਲਤ ਦਾ ਹੈਰਾਨੀਜਨਕ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

400 ਕਿਲੋ ਸੋਨੇ ਦੇ ਭਰਨੇ ਪੈਣਗੇ ਕੇਵਲ 15 ਲੱਖ ਰੁਪਏ

Surprising court ruling for compensation for gold loot in Canada

ਬੀਤੇ ਸਮੇਂ ਵਿਚ ਕੈਨੇਡਾ ਵਿਚ ਡਾਕਾ ਵੱਜਿਆ ਸੀ। ਜਿਸ ਵਿਚ ਲੁਟੇਰੇ ਇਕ ਕੰਪਨੀ ਦਾ 400 ਕਿਲੋ ਸੋਨਾ ਲੁੱਟ ਕੇ ਫ਼ਰਾਰ ਹੋ ਗਏ ਸਨ। ਭਾਵੇਂ ਉਹ ਲੁਟੇਰੇ ਬਾਅਦ ਵਿਚ ਫੜੇ ਗਏ ਸਨ ਪਰ ਕੰਪਨੀ ਨੂੰ ਸੋਨੇ ਦੀ ਭਰਪਾਈ ਨਹੀਂ ਹੋਈ ਸੀ। ਆਪਣੀ ਇਸ ਭਰਪਾਈ ਲਈ ਉਹ ਕੰਪਨੀ ਅਦਾਲਤ ਪਹੁੰਚੀ ਤੇ ਆਪਣੇ ਨੁਕਸਾਨ ਲਈ ਮੁਅਵਜ਼ੇ ਦੀ ਮੰਗ ਕੀਤੀ।

ਅਦਾਲਤ ਨੇ ਏਅਰ ਕੈਨੇਡਾ ਨੂੰ ਨੁਕਸਾਨ ਦੀ ਭਰਪਾਈ ਲਈ 18,500 ਡਾਲਰ (ਲਗਭਗ 1,551,568.29 ਭਾਰਤੀ ਰੁਪਏ) ਅਦਾ ਕਰਨ ਦੇ ਹੁਕਮ ਦਿਤੇ ਹਨ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਵੱਜੇ ਡਾਕੇ ਮਗਰੋਂ ਜ਼ਿਊਰਿਕ ਤੋਂ ਸੋਨਾ ਲਿਆਉਣ ਵਾਲੀ ਕੰਪਨੀ ਬ੍ਰਿੰਕਸ ਵਲੋਂ ਏਅਰ ਕੈਨੇਡਾ ਤੋਂ ਨਾ ਸਿਰਫ਼ ਸੋਨੇ ਦੀ ਪੂਰੀ ਕੀਮਤ ਬਲਕਿ ਹਰਜਾਨੇ ਦੇ ਰੂਪ ਵਿਚ ਵਧੇਰੇ ਰਕਮ ਦੀ ਮੰਗ ਕੀਤੀ ਗਈ ਸੀ। 

ਸੀ.ਪੀ. 24 ਦੀ ਰਿਪੋਰਟ ਮੁਤਾਬਕ ਜੱਜ ਸੈਸਲੀ ਸਟ੍ਰਿਕਲੈਂਡ ਨੇ ਆਪਣੇ ਫ਼ੈਸਲੇ ਕਿਹਾ ਕਿ ਸ਼ਿਪਮੈਂਟ ਚੋਰੀ ਹੋਣ ਦੇ ਮਾਮਲੇ ਵਿਚ ਏਅਰ ਕੈਨੇਡਾ ਦੀ ਜਵਾਬਦੇਹੀ ਬੇਹੱਦ ਸੀਮਤ ਬਣਦੀ ਹੈ ਕਿਉਂਕਿ ਮੌਂਟਰੀਅਲ ਕਨਵੈਨਸ਼ਨ ਦੇ ਰੂਪ ਵਿਚ ਹੋਈ ਕੌਮਾਂਤਰੀ ਸੰਧੀ ਅਧੀਨ ਬੈਗੇਜ ਅਤੇ ਕਾਰਗੋ ਗੁੰਮ ਹੋਣ ਜਾਂ ਨੁਕਸਾਨੇ ਜਾਣ ਜਾਂ ਮੁਸਾਫ਼ਰਾਂ ਦੀ ਮੌਤ ਜਾਂ ਜ਼ਖਮੀ ਹੋਣ ਦੀ ਸੂਰਤ ਵਿਚ ਕਿਸੇ ਵੀ ਏਅਰਲਾਈਨ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਮਾਪਦੰਡ ਤੈਅ ਕੀਤੇ ਗਏ ਹਨ। 

ਕੌਮਾਂਤਰੀ ਸੰਧੀ ਦੇ ਨਿਯਮਾਂ ਮੁਤਾਬਕ ਏਅਰ ਕੈਨੇਡਾ 9,988 ਐਸ.ਡੀ.ਆਰ. ਦੀ ਦੇਣਦਾਰ ਬਣਦੀ ਹੈ ਅਤੇ ਡਾਲਰਾਂ ਵਿਚ ਤਬਦੀਲ ਕੀਤੇ ਜਾਣ ’ਤੇ ਇਹ ਰਕਮ 18,500 ਡਾਲਰ ਬਣਦੀ ਹੈ। ਦੱਸਣਯੋਗ ਹੈ ਕਿ ਬ੍ਰਿੰਕਸ ਦੀ ਸ਼ਿਪਮੈਂਟ ਵਿਚ 20 ਮਿਲੀਅਨ ਡਾਲਰ ਦੇ ਮੁੱਲ ਦੀਆਂ 6,600 ਸੋਨੇ ਦੀਆਂ ਇੱਟਾਂ ਅਤੇ 25 ਲੱਖ ਡਾਲਰ ਦੀ ਵਿਦੇਸ਼ੀ ਕਰੰਸੀ ਸ਼ਾਮਲ ਸੀ ਜਿਸ ਨੂੰ ਜ਼ਿਊਰਿਕ ਤੋਂ ਟੋਰਾਂਟੋ ਪੁੱਜਣ ਮਗਰੋਂ ਏਅਰ ਕੈਨੇਡਾ ਦੀ ਕਾਰਗੋ ਫੈਸੀਲਿਟੀ ਵਿਖੇ ਰੱਖਿਆ ਗਿਆ ਪਰ ਸ਼ਾਤਰ ਲੁਟੇਰੇ ਜਾਅਲੀ ਕਾਗਜ਼ਾਂ ਦੇ ਆਧਾਰ ’ਤੇ ਸਭ ਕੁਝ ਟਰੱਕ ਵਿਚ ਲੱਦ ਕੇ ਫ਼ਰਾਰ ਹੋ ਗਏ। 

ਕੈਨੇਡੀਅਨ ਇਤਿਹਾਸ ਵਿਚ ਸੋਨੇ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਕਈ ਭਾਰਤੀਆਂ ਸਣੇ 10 ਜਣਿਆਂ ਵਿਰੁਧ ਦੋਸ਼ ਆਇਦ ਕਰ ਚੁੱਕੀ ਹੈ। ਨਵੰਬਰ 2024 ਵਿਚ ਪੁਲਿਸ ਨੂੰ ਇਕ ਸ਼ੱਕੀ ਵਿਰੁਧ ਮੁੜ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨੇ ਪਏ ਜਦੋਂ ਉਹ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਅਦਾਲਤ ਵਿਚ ਪੇਸ਼ ਨਾ ਹੋਇਆ। ਦੂਜੇ ਪਾਸੇ ਮਾਮਲੇ ਦੇ ਇਕ ਹੋਰ ਸ਼ੱਕੀ ਸਿਮਰਨਪ੍ਰੀਤ ਪਨੇਸਰ ਵਲੋਂ ਆਤਮ ਸਮਰਪਣ ਨਹੀਂ ਕੀਤਾ ਗਿਆ ਜਿਸ ਦੇ ਵਕੀਲ ਵਲੋਂ ਆਪਣੇ ਮੁਵੱਕਲ ਦੇ ਪੁਲਿਸ ਅੱਗੇ ਪੇਸ਼ ਹੋਣ ਦਾ ਯਕੀਨ ਦਿਵਾਇਆ ਗਿਆ ਸੀ। ਪੁਲਿਸ ਮੁਤਾਬਕ 35 ਸਾਲ ਦੇ ਪ੍ਰਸਾਦ ਪਰਮਾਲਿੰਗਮ ਨੇ ਦੁਰਾਂਤੇ ਕਿੰਗ ਮੈਕਲੀਨ ਦੀ ਮਦਦ ਕੀਤੀ ਜੋ ਸਫ਼ੈਦ ਰੰਗ ਦੇ ਟਰੱਕ ਵਿਚ ਸਵਾ ਦੋ ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੱਦ ਕੇ ਫ਼ਰਾਰ ਹੋ ਗਿਆ। 

ਇਹ ਸੋਨਾ ਅਪ੍ਰੈਲ 2023 ਵਿਚ ਏਅਰ ਕੈਨੇਡਾ ਦੀ ਕਾਰਗੋ ਫ਼ੈਸੀਲਿਟੀ ਤੋਂ ਲੁੱਟਿਆ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਨਾਲ ਸਬੰਧਤ ਇਕ ਮੁਕੱਦਮਾ ਅਮਰੀਕਾ ਵਿਚ ਵੀ ਚੱਲ ਰਿਹਾ ਹੈ ਅਤੇ ਪੈਨਸਿਲਵੇਨੀਆ ਸਟੇਟ ਪੁਲਿਸ ਅਰਚਿਤ ਗਰੋਵਰ ਤੇ ਪ੍ਰਸਾਦ ਪਰਮਾਲਿੰਗਮ ਦੀ ਹਿਰਾਸਤ ਚਾਹੁੰਦੀ ਹੈ ਜੋ ਇਸ ਵੇਲੇ ਕੈਨੇਡਾ ਵਿਚ ਮੌਜੂਦ ਹਨ। ਦਸਿਆ ਜਾ ਰਿਹਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਇਕ ਹੋਰ ਕੈਨੇਡੀਅਨ ਪਹਿਲਾਂ ਹੀ ਪੈਨਸਿਲਵੇਨੀਆ ਪੁਲਸ ਦੀ ਹਿਰਾਸਤ ਵਿਚ ਹੈ।

ਇਸੇ ਦੌਰਾਨ ਸਿਮਰਨਪ੍ਰੀਤ ਪਨੇਸਰ ਦਾ ਵੀ ਕੋਈ ਅਤਾ-ਪਤਾ ਨਹੀਂ। ਸਿਮਰਨ ਪ੍ਰੀਤ ਦੇ ਵਕੀਲ ਨੇ ਜੂਨ 2024 ਵਿਚ ਕਿਹਾ ਸੀ ਕਿ ਉਸ ਦਾ ਮੁਵੱਕਲ ਅਗਲੇ ਕੁਝ ਹਫ਼ਤਿਆਂ ਦੌਰਾਨ ਕੈਨੇਡਾ ਪਰਤ ਆਵੇਗਾ। ਮੰਨਿਆ ਜਾ ਰਿਹਾ ਹੈ ਕਿ ਸਿਮਰਨਪ੍ਰੀਤ ਇਸ ਵੇਲੇ ਆਪਣੀ ਪਤਨੀ ਪ੍ਰੀਤੀ ਪਨੇਸਰ ਨਾਲ ਭਾਰਤ ਵਿਚ ਹੈ। ਸਵਾ ਦੋ ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੁੱਟਣ ਦੇ ਮਾਮਲੇ ਵਿਚ ਪ੍ਰੀਤੀ ਪਨੇਸਰ ਦੀ ਕੋਈ ਸ਼ਮੂਲੀਅਤ ਨਹੀਂ ਮੰਨੀ ਜਾ ਰਹੀ।

ਸਾਬਕਾ ਮਿਸ ਇੰਡੀਆ ਯੂਗਾਂਡਾ ਪ੍ਰੀਤੀ ਪਨੇਸਰ ਅਦਾਕਾਰੀ ਦੇ ਨਾਲ-ਨਾਲ ਗਾਇਕੀ ਦਾ ਵੀ ਸ਼ੌਕ ਰਖਦੀ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਬਾਰੇ ਮੁਢਲੀ ਪੜਤਾਲ ਦੌਰਾਨ ਪਨੇਸਰ ਨੇ ਹੀ ਜਾਂਚਕਰਤਾਵਾਂ ਨੂੰ ਹਵਾਈ ਅੱਡੇ ਦੇ ਵੇਅਰਹਾਊਸ ਵਾਲੇ ਇਲਾਕੇ ਗੇੜਾ ਲਗਵਾਇਆ ਸੀ। ਉਸ ਵੇਲੇ ਉਹ ਘਬਰਾਹਟ ਵਿਚ ਨਜ਼ਰ ਆਇਆ ਅਤੇ ਕੁਝ ਦਿਨ ਬਾਅਦ ਗਾਇਬ ਹੋ ਗਿਆ। 400 ਕਿਲੋ ਸੋਨੇ ਵਿਚੋਂ ਪੁਲਿਸ ਹੁਣ ਤੱਕ ਕੁਝ ਬਰੈਸਲੇਟ ਹੀ ਬਰਾਮਦ ਕਰ ਸਕੀ ਹੈ ਜੋ ਇਕ ਸੁਨਿਆਰੇ ਦੀ ਦੁਕਾਨ ’ਤੇ ਤਿਆਰ ਕੀਤੇ ਗਏ।