ਸਨੇਕ ਟਾਪੂ 'ਤੇ ਰੂਸ ਦੇ ਜੰਗੀ ਬੇੜੇ ਦਾ ਸਾਹਮਣਾ ਕਰ ਰਹੇ ਯੂਕਰੇਨੀ ਜਲ ਸੈਨਾ ਦੇ 13 ਜਵਾਨ ਸ਼ਹੀਦ 

ਏਜੰਸੀ

ਖ਼ਬਰਾਂ, ਕੌਮਾਂਤਰੀ

ਸਰਕਾਰ ਨੇ ਫ਼ੌਜੀਆਂ ਨੂੰ ਮਰਨ ਉਪਰੰਤ 'ਹੀਰੋ ਆਫ਼ ਯੂਕਰੇਨ' ਦੇ ਖ਼ਿਤਾਬ ਨਾਲ ਨਿਵਾਜਿਆ

13 Ukrainian Navy personnel killed as they face Russian warships on Snake Island

ਕੀਵ : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ ਇਸ ਦੌਰਾਨ ਹੀ ਰੂਸੀ ਜਲ ਸੈਨਾ ਨੇ ਕਾਲਾ ਸਾਗਰ ਵਿਚ ਯੂਕ੍ਰੇਨ ਦੇ ਸਨੇਕ ਟਾਪੂ ਉੱਤੇ ਕਬਜ਼ਾ ਕਰ ਲਿਆ ਹੈ। ਭਿਆਨਕ ਲੜਾਈ ਵਿਚ ਯੂਕ੍ਰੇਨ ਦੇ 13 ਬਾਰਡਰ ਗਾਰਡ ਫ਼ੌਜੀ ਸ਼ਹੀਦ ਹੋ ਗਏ ਹਨ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੂਰੇ ਯੂਕ੍ਰੇਨ 'ਚ ਸ਼ਹੀਦ ਹੋਏ 13 ਫ਼ੌਜੀਆਂ ਦੀ ਸ਼ਾਨ 'ਚ ਕਸੀਦੇ ਪੜ੍ਹੇ ਜਾ ਰਹੇ ਹਨ।

ਦੱਸ ਦੇਈਏ ਕਿ ਇਨ੍ਹਾਂ ਫ਼ੌਜੀਆਂ ਦੀ ਬਹਾਦਰੀ ਨੂੰ ਦੇਖਦੇ ਹੋਏ ਯੂਕਰੇਨ ਦੀ ਸਰਕਾਰ ਨੇ ਸ਼ਹੀਦਾਂ ਨੂੰ ਮਰਨ ਉਪਰੰਤ ਹੀਰੋ ਆਫ ਯੂਕਰੇਨ ਦੇ ਖ਼ਿਤਾਬ ਨਾਲ ਵੀ ਨਿਵਾਜਿਆ ਹੈ। ਦੱਸਣਯੋਗ ਹੈ ਕਿ ਸਨੇਕ ਟਾਪੂ ਓਡੇਸਾ ਦੇ ਦੱਖਣ ਵਿਚ ਕਾਲਾ ਸਾਗਰ ਵਿਚ ਸਥਿਤ ਇਕ ਛੋਟਾ ਟਾਪੂ ਹੈ। ਯੂਕਰੇਨ ਨੇ ਇਸ ਟਾਪੂ ਦੀ ਸੁਰੱਖਿਆ ਲਈ 13 ਫ਼ੌੌਜੀ ਤਾਇਨਾਤ ਕੀਤੇ ਸਨ।

ਇਸ ਦੌਰਾਨ ਰੂਸੀ ਜਲ ਸੈਨਾ ਦੇ ਬਲੈਕ-ਸੀ ਫਲੀਟ ਦੇ ਇਕ ਜੰਗੀ ਬੇੜੇ ਨੂੰ ਟਾਪੂ 'ਤੇ ਕਬਜ਼ਾ ਕਰਨ ਦਾ ਹੁਕਮ ਦਿੱਤਾ ਗਿਆ। ਰੂਸੀ ਜੰਗੀ ਬੇੜੇ ਨੇ ਟਾਪੂ ਕੋਲ ਪਹੁੰਚ ਕੇ ਉਕ੍ਰੇਨੀ ਫ਼ੌਜੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਯੂਕਰੇਨ ਦੇ ਬਹਾਦਰ ਫ਼ੌਜੀਆਂ ਨੇ ਰੂਸੀ ਹਮਲਾਵਰਾਂ ਦੇ ਸਾਹਮਣੇ ਆਤਮ-ਸਮਰਪਣ ਨਹੀਂ ਕੀਤਾ ਅਤੇ ਸ਼ਹੀਦੀ ਦਾ ਜਾਮ ਪੀ ਗਏ।

ਇਸ ਗੱਲ ਦੀ ਪੁਸ਼ਟੀ ਯੂਕਰੇਨ ਦੇ ਵਿਦੇਸ਼ ਮੰਤਰਾਲਾ ਵਲੋਂ ਕੀਤੀ ਗਈ ਹੈ, ਉਨ੍ਹਾਂ ਦੱਸਿਆ ਕਿ ਰੂਸ ਨੇ ਯੂਕ੍ਰੇਨ ਦੇ ਸਨੇਕ ਟਾਪੂ 'ਤੇ ਕਬਜ਼ਾ ਕਰ ਲਿਆ ਹੈ। ਰੂਸੀ ਫ਼ੌਜ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ 'ਤੇ ਉਥੇ ਤਾਇਨਾਤ 13 ਯੂਕ੍ਰੇਨੀ ਫੌਜੀਆਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਦੀ ਬਹਾਦਰੀ ਅਤੇ ਹਿੰਮਤ ਨੂੰ ਦੇਖਦੇ ਹੋਏ ਸਾਰੇ 13 ਫ਼ੌਜੀਆਂ ਨੂੰ ਮਰਨ ਉਪਰੰਤ ਹੀਰੋ ਆਫ ਯੂਕ੍ਰੇਨ ਦੇ ਖਿਤਾਬ ਨਾਲ ਨਵਾਜਿਆ ਗਿਆ ਹੈ।