ਮਰੀਅਮ ਨਵਾਜ਼ ਬਣੀ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ PTI ਸਮਰਥਿਤ ਸੁੰਨੀ ਇਤਹਾਦ ਕੌਂਸਲ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਵਾਕਆਊਟ ਦੇ ਵਿਚਕਾਰ ਮੁੱਖ ਮੰਤਰੀ ਦੀ ਚੋਣ ਜਿੱਤੀ

Newly elected Punjab Chief Minister Maryam Nawaz Sharif and Quaid Nawaz Sharif and Jamaat President Shehbaz Sharif during a meeting, Monday, Feb. 26, 2024. (PTI Photo)

ਲਾਹੌਰ: ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਸੋਮਵਾਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਗਈ। ਪੀ.ਐਮ.ਐਲ.-ਐਨ. ਦੀ 50 ਸਾਲਾ ਸੀਨੀਅਰ ਉਪ ਪ੍ਰਧਾਨ ਮਰੀਅਮ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਮਰਥਿਤ ਸੁੰਨੀ ਇਤਹਾਦ ਕੌਂਸਲ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਵਾਕਆਊਟ ਦੇ ਵਿਚਕਾਰ ਮੁੱਖ ਮੰਤਰੀ ਦੀ ਚੋਣ ਜਿੱਤੀ। 

ਮਰੀਅਮ ਪੀ.ਟੀ.ਆਈ. ਸਮਰਥਿਤ ਸੁੰਨੀ ਇਤਹਾਦ ਕੌਂਸਲ ਦੇ ਰਾਣਾ ਆਫਤਾਬ ਨੂੰ ਹਰਾ ਕੇ ਸਿਆਸੀ ਤੌਰ ’ਤੇ ਮਹੱਤਵਪੂਰਨ ਪੰਜਾਬ ਸੂਬੇ ਦੀ ਮੁੱਖ ਮੰਤਰੀ ਬਣੀ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਆਬਾਦੀ 12 ਕਰੋੜ ਹੈ। ਮੁੱਖ ਮੰਤਰੀ ਦੀ ਚੋਣ ਲੜਨ ਲਈ ਪੰਜਾਬ ਸੂਬਾ ਅਸੈਂਬਲੀ ਪਹੁੰਚਣ ਤੋਂ ਪਹਿਲਾਂ ਉਹ ਜਾਤੀ ਉਮਰਾ ’ਚ ਅਪਣੀ ਮਾਂ ਕੁਲਸੁਮ ਨਵਾਜ਼ ਦੀ ਕਬਰ ’ਤੇ ਗਈ।

ਪੀ.ਐਮ.ਐਲ.-ਐਨ. ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਇਕ ਪੋਸਟ ਵਿਚ ਦਸਿਆ ਕਿ ਮਰੀਅਮ ਨੇ ਅਪਣੇ ਦਾਦਾ-ਦਾਦੀ ਦੀਆਂ ਕਬਰਾਂ ਦਾ ਵੀ ਦੌਰਾ ਕੀਤਾ। 
ਪੀ.ਐਮ.ਐਲ.-ਐਨ. ਨੇ ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਸੀ, ‘‘ਸਾਡੇ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਔਰਤ ਪੰਜਾਬ ਦੀ ਮੁੱਖ ਮੰਤਰੀ ਬਣੇਗੀ। ਮਰੀਅਮ ਨਵਾਜ਼ ਪੰਜਾਬ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੀ ਪਹਿਲੀ ਮਹਿਲਾ ਹੋਵੇਗੀ।’’