ਅਮਰੀਕੀ ਅਦਾਲਤ ਨੇ ਫ਼ੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਗੁਰਦਵਾਰਿਆਂ ਦੀ ਤਲਾਸ਼ੀ ਲੈਣ ’ਤੇ ਪਾਬੰਦੀ ਲਾਈ
ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਟਰੰਪ ਪ੍ਰਸ਼ਾਸਨ ਨੇ ਦਿਤੇ ਸੀ ਧਾਰਮਕ ਅਸਥਾਨਾਂ ਦੀ ਤਲਾਸ਼ੀ ਲੈਣ ਦੇ ਹੁਕਮ
America News: ਅਮਰੀਕਾ ’ਚ ਧਾਰਮਕ ਅਸਥਾਨਾਂ ’ਚ ਵੜ ਕੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ’ਤੇ ਅਦਾਲਤ ਨੇ ਆਰਜ਼ੀ ਰੋਕ ਲਗਾ ਦਿਤੀ ਹੈ। ਸੈਕਰਾਮੈਂਟੋ ਸਥਿਤ ਇਕ ਗੁਰਦੁਆਰਾ, ਜੋ ਲਗਭਗ 30,000 ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ, ਨੇ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਧਾਰਮਕ ਅਸਥਾਨਾਂ ’ਚ ਭੇਜਣ ਦੀ ਟਰੰਪ ਪ੍ਰਸ਼ਾਸਨ ਦੀ ਯੋਜਨਾ ਨੂੰ ਚੁਨੌਤੀ ਦੇਣ ਲਈ ਬੇਅ ਏਰੀਆ ਬੈਪਟਿਸਟ ਗਿਰਜਾਘਰਾਂ ਨਾਲ ਮਿਲ ਕੇ ਕੰਮ ਕੀਤਾ ਸੀ।
ਇਸ ਗਠਜੋੜ ਨੇ ਸਫਲਤਾਪੂਰਵਕ ਅਦਾਲਤ ਤੋਂ ਇਕ ਮੁਢਲਾ ਹੁਕਮ ਪ੍ਰਾਪਤ ਕੀਤਾ, ਜਿਸ ਨਾਲ ਪ੍ਰਸ਼ਾਸਨ ਨੂੰ ਮੁਕੱਦਮੇਦਾਰਾਂ ਦੀ ਮਲਕੀਅਤ ਵਾਲੇ ਜਾਂ ਵਰਤੇ ਜਾਂਦੇ ਪੂਜਾ ਸਥਾਨਾਂ ’ਚ ਇਮੀਗ੍ਰੇਸ਼ਨ ਲਾਗੂ ਕਰਨ ਦੀਆਂ ਗਤੀਵਿਧੀਆਂ ਕਰਨ ਤੋਂ ਰੋਕਿਆ ਗਿਆ।
‘ਸਿੱਖ ਟੈਂਪਲ ਆਫ ਸੈਕਰਾਮੈਂਟੋ’ ਦੇ ਬੋਰਡ ਮੈਂਬਰ ਅਮਰ ਸ਼ੇਰਗਿੱਲ ਨੇ ਇਸ ਨੂੰ ਧਾਰਮਕ ਆਜ਼ਾਦੀ ਦੀ ਰਾਖੀ ਲਈ ਇਕ ਮਹੱਤਵਪੂਰਨ ਪਹਿਲਾ ਕਦਮ ਦਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਦਾਲਤ ਦਾ ਫੈਸਲਾ ਮੰਨਦਾ ਹੈ ਕਿ ਸਰਕਾਰ ਵਿਅਕਤੀਗਤ ਅਧਿਕਾਰੀਆਂ ਦੀ ਮਰਜ਼ੀ ਨਾਲ ਵਾਰੰਟ ਰਹਿਤ ਤਲਾਸ਼ੀ ਅਤੇ ਜ਼ਬਰਦਸਤੀ ’ਚ ਸ਼ਾਮਲ ਨਹੀਂ ਹੋ ਸਕਦੀ। ਟਰੰਪ ਪ੍ਰਸ਼ਾਸਨ ਦੀ ਨੀਤੀ ਵਿਚ ਤਬਦੀਲੀ, ਜਿਸ ਨੇ ਧਾਰਮਕ ਸਥਾਨਾਂ ਲਈ ਬਾਈਡਨ ਦੇ ਸਮੇਂ ਦੀ ਸੁਰੱਖਿਆ ਨੂੰ ਰੱਦ ਕਰ ਦਿਤਾ ਸੀ, ਨੇ ਸਿੱਖਾਂ ਅਤੇ ਹੋਰ ਧਾਰਮਕ ਭਾਈਚਾਰਿਆਂ ਵਿਚ ਚਿੰਤਾ ਪੈਦਾ ਕਰ ਦਿਤੀ ਸੀ।
ਗੁਰਦੁਆਰਾ ਇਸ ਮੁਕੱਦਮੇ ਵਿਚ ਸ਼ਾਮਲ ਹੋਇਆ ਕਿਉਂਕਿ ਗੁਰਦੁਆਰੇ ਆਉਣ ਵਾਲੇ ਗੈਰ-ਦਸਤਾਵੇਜ਼ੀ ਸ਼ਰਧਾਲੂਆਂ ਨੂੰ ਫੜੇ ਜਾਣ ਦੀ ਚਿੰਤਾ ਹੋ ਗਈ ਸੀ ਅਤੇ ਉਨ੍ਹਾਂ ਨੇ ਸੋਚਿਆ ਕਿ ਇਸ ਨਾਲ ਉਹ ਗੁਰਦੁਆਰੇ ਆਉਣਾ ਬੰਦ ਕਰ ਸਕਦੇ ਹਨ।