ਬਰਤਾਨੀਆ ਜਾਣ ਲਈ ਹੁਣ ਈ-ਵੀਜ਼ਾ ਲਾਜ਼ਮੀ
ਇਹ ਨਵੀਂ ਪ੍ਰਣਾਲੀ ਪੁਰਾਣੇ ਕਾਗਜ਼ੀ ਵੀਜ਼ਾ ਸਟਿੱਕਰਾਂ ਦੀ ਥਾਂ ਲਵੇਗੀ।
E-visa now mandatory to travel to Britain: ਬਰਤਾਨੀਆ ਨੇ ਅਪਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਵਲ ਵੱਡਾ ਕਦਮ ਚੁਕਿਆ ਹੈ। ਬੁਧਵਾਰ ਤੋਂ ਨਵੇਂ ਨਿਯਮ ਲਾਗੂ ਹੋ ਗਏ ਹਨ, ਜਿਨ੍ਹਾਂ ਅਧੀਨ ਭਾਰਤੀ ਮੁਸਾਫ਼ਰਾਂ ਲਈ ਈ-ਵੀਜ਼ਾ ਲਾਜ਼ਮੀ ਹੋਵੇਗਾ ਅਤੇ ਉਹ ਦੇਸ਼, ਜਿਨ੍ਹਾਂ ਨੂੰ ਵੀਜ਼ਾ ਦੀ ਲੋੜ ਨਹੀਂ, ਉਨ੍ਹਾਂ ਦੇ ਮੁਸਾਫ਼ਰਾਂ ਲਈ ਇਲੈਕਟ੍ਰਾਨਿਕ ਟਰੈਵਲ ਆਥਰਾਈਜੇਸ਼ਨ (ਈ.ਟੀ.ਏ.) ਲਾਜ਼ਮੀ ਕਰ ਦਿਤਾ ਗਿਆ ਹੈ।
ਇਹ ਨਵੀਂ ਪ੍ਰਣਾਲੀ ਪੁਰਾਣੇ ਕਾਗਜ਼ੀ ਵੀਜ਼ਾ ਸਟਿੱਕਰਾਂ ਦੀ ਥਾਂ ਲਵੇਗੀ। ਹਾਲਾਂਕਿ ਬਾਇਓਮੈਟਰਿਕ ਰਜਿਸਟ੍ਰੇਸ਼ਨ ਲਈ ਅਰਜ਼ੀ ਕੇਂਦਰ ਉਤੇ ਜਾਣਾ ਜ਼ਰੂਰੀ ਰਹੇਗਾ, ਪਰ ਹੁਣ ਪਾਸਪੋਰਟ ਪ੍ਰਕਿਰਿਆ ਦੌਰਾਨ ਜਮ੍ਹਾਂ ਨਹੀਂ ਕਰਵਾਉਣਾ ਪਵੇਗਾ। ਯੂ.ਕੇ. ਦੇ ਮਾਈਗ੍ਰੇਸ਼ਨ ਮੰਤਰੀ ਮਾਈਕ ਟੈਪ ਨੇ ਕਿਹਾ ਕਿ ਮੁਸਾਫ਼ਰਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਸਹੀ ਡਿਜੀਟਲ ਅਨੁਮਤੀ ਹੋਵੇ, ਨਹੀਂ ਤਾਂ ਏਅਰਲਾਈਨ ਕੰਪਨੀਆਂ ਉਨ੍ਹਾਂ ਨੂੰ ਬੋਰਡਿੰਗ ਤੋਂ ਰੋਕ ਸਕਦੀਆਂ ਹਨ। ਈ.ਟੀ.ਏ. ਦੀ ਕੀਮਤ 16 ਪੌਂਡ ਹੈ, ਜੋ ਦੋ ਸਾਲ ਲਈ ਜਾਂ ਪਾਸਪੋਰਟ ਦੀ ਮਿਆਦ ਖ਼ਤਮ ਹੋਣ ਤਕ ਵੈਧ ਰਹੇਗੀ। ਅਮਰੀਕਾ, ਕੈਨੇਡਾ ਅਤੇ ਫਰਾਂਸ ਸਮੇਤ 85 ਦੇਸ਼ਾਂ ਦੇ ਮੁਸਾਫ਼ਰਾਂ ਲਈ ਇਹ ਲਾਜ਼ਮੀ ਹੈ। ਬਿ੍ਰਟਿਸ਼ ਅਤੇ ਆਇਰਿਸ਼ ਨਾਗਰਿਕਾਂ ਨੂੰ ਛੋਟ ਦਿਤੀ ਗਈ ਹੈ। (ਪੀ.ਟੀ.ਆਈ.)