ਅਮਰੀਕਾ ਨੇ ਦੋ ਕਿਊਬਾਈ ਸਫ਼ੀਰਾਂ ਨੂੰ ਬਰਖ਼ਾਸਤ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਨੇ ਕਿਊਬਾ ਦੀ ਰਾਜਧਾਨੀ ਹਵਾਨਾ ਸਥਿਤ ਅਮਰੀਕੀ ਦੂਤਘਰ ਵਿਚ ਕੰਮ ਕਰਦੇ ਆਪਣੇ ਕਰਮਚਾਰੀਆਂ ਦੇ ਬੀਮਾਰ ਹੋਣ ਮਗਰੋਂ ਇਥੇ ਸਥਿਤ ਕਿਊਬਾ ਦੂਤਘਰ ਵਿਚ ਕੰਮ ਕਰ ਰਹੇ..

US

ਵਾਸ਼ਿੰਗਟਨ, 10 ਅਗੱਸਤ : ਅਮਰੀਕਾ ਨੇ ਕਿਊਬਾ ਦੀ ਰਾਜਧਾਨੀ ਹਵਾਨਾ ਸਥਿਤ ਅਮਰੀਕੀ ਦੂਤਘਰ ਵਿਚ ਕੰਮ ਕਰਦੇ ਆਪਣੇ ਕਰਮਚਾਰੀਆਂ ਦੇ ਬੀਮਾਰ ਹੋਣ ਮਗਰੋਂ ਇਥੇ ਸਥਿਤ ਕਿਊਬਾ ਦੂਤਘਰ ਵਿਚ ਕੰਮ ਕਰ ਰਹੇ ਦੋ ਸਫ਼ੀਰਾਂ ਨੂੰ ਬਰਖ਼ਾਸਤ ਕਰ ਦਿਤਾ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੀਥਰ ਨਾਰੇਟ ਨੇ ਪੱਤਰਕਾਰਾਂ ਨੂੰ ਦਸਿਆ ਕਿ ਕਿਊਬਾ ਵਿਚ ਨੌਕਰੀ ਕਰਦੇ ਅਮਰੀਕੀ ਕਰਮਚਾਰੀਆਂ ਦੇ ਬੀਮਾਰ ਹੋਣ ਕਾਰਨ ਅਤੇ ਅਪਣੇ ਦੇਸ਼ ਵਾਪਸ ਪਰਤਣ ਮਗਰੋਂ ਬੀਤੀ 23 ਮਈ ਨੂੰ ਕਿਊਬਾ ਦੇ ਦੋ ਡਿਪਲੋਮੈਟਾਂ ਨੂੰ ਉਨ੍ਹਾਂ ਦੇ ਦੇਸ਼ ਭੇਜ ਦਿਤਾ ਗਿਆ। ਉਨ੍ਹਾਂ ਦਸਿਆ ਕਿ ਅਮਰੀਕੀ ਕਰਮਚਾਰੀਆਂ ਵਿਚ ਸੁਨਣ ਸ਼ਕਤੀ ਦੀ ਕਮੀ ਸਮੇਤ ਕਈ ਸਰੀਰਕ ਸਮੱਸਿਆਵਾਂ ਪੈਦਾ ਹੋ ਗਈਆਂ ਸਨ। ਉਨ੍ਹਾਂ ਦੀ ਮੈਡੀਕਲ ਜਾਂਚ ਚਲ ਰਹੀ ਹੈ ਪਰ ਹੁਣ ਤਕ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਨੂੰ ਕਿਹੜੀ ਬੀਮਾਰੀ ਹੋਈ ਹੈ।
ਨਾਰੇਟ ਨੇ ਦਸਿਆ ਕਿ ਅਮਰੀਕਾ ਨੂੰ ਬੀਤੇ ਸਾਲ ਦੇ ਅੰਤ ਵਿਚ ਹਵਾਨਾ ਸਥਿਤ ਦੂਤਘਰ ਦੇ ਕਰਮਚਾਰੀਆਂ ਵਿਚ ਇਸ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਪਤਾ ਚਲਿਆ ਸੀ। ਉਨ੍ਹਾਂ ਕਿਹਾ, ''ਸਾਨੂੰ ਇਸ ਬੀਮਾਰੀ ਦੇ ਕਾਰਨ ਬਾਰੇ ਠੋਸ ਜਾਣਕਾਰੀ ਨਹੀਂ ਹੈ। ਇਸ ਵਿਚ ਕਈ ਤਰ੍ਹਾਂ ਦੇ ਲੱਛਣ ਸਾਹਮਣੇ ਆਉਂਦੇ ਹਨ। ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਇਸ ਦੀ ਜਾਂਚ ਕਰ ਰਹੇ ਹਾਂ।''
ਅਮਰੀਕੀ ਸਰਕਾਰ ਦੇ ਇਕ ਅਧਿਕਾਰੀ ਨੇ ਦਸਿਆ ਕਿ ਉਸ ਦੇ ਕਈ ਸਾਥੀ ਸੁਨਣ ਸਮੱਰਥਾ ਵਿਚ ਕਮੀ ਅਤੇ ਹੋਰ ਸਮੱਸਿਆਵਾਂ ਕਾਰਨ ਆਪਣੇ ਦੇਸ਼ ਵਾਪਸ ਪਰਤ ਆਏ ਸਨ। ਉਨ੍ਹਾਂ ਨੇ ਦਸਿਆ ਇਕ ਕੁਝ ਕਰਮਚਾਰੀਆਂ ਨੂੰ ਤਾਂ ਇੰਨਾ ਘੱਟ ਸੁਣਾਈ ਦੇਣ ਲੱਗਿਆ ਹੈ ਕਿ ਉਨ੍ਹਾਂ ਨੂੰ ਸੁਣਨ ਲਈ ਯੰਤਰ ਲਗਾਉਣੇ ਪਏ। (ਪੀਟੀਆਈ)