ਡੋਕਲਾਮ 'ਤੇ ਸਮਝੌਤਾ ਨਹੀਂ ਕਰਾਂਗੇ : ਚੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੀਜਿੰਗ, 10 ਅਗੱਸਤ : ਡੋਕਲਾਮ 'ਤੇ ਜਾਰੀ ਵਿਵਾਦ ਵਿਚਕਾਰ ਪੀਪਲਜ਼ ਲਿਬਰੇਸ਼ਨ ਆਰਮੀ ਨੇ ਕਿਹਾ ਹੈ ਕਿ ਇਸ ਮਾਮਲੇ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

China

ਬੀਜਿੰਗ, 10 ਅਗੱਸਤ : ਡੋਕਲਾਮ 'ਤੇ ਜਾਰੀ ਵਿਵਾਦ ਵਿਚਕਾਰ ਪੀਪਲਜ਼ ਲਿਬਰੇਸ਼ਨ ਆਰਮੀ ਨੇ ਕਿਹਾ ਹੈ ਕਿ ਇਸ ਮਾਮਲੇ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਥੇ ਹੀ ਭੂਟਾਨ ਵਲੋਂ ਪਹਿਲੀ ਵਾਰ ਇਸ ਮਾਮਲੇ 'ਚ ਕੋਈ ਬਿਆਨ ਸਾਹਮਣੇ ਆਇਆ ਹੈ। ਭੂਟਾਨ ਦੇ ਇਕ ਅਧਿਕਾਰੀ ਨੇ ਏਜੰਸੀ ਨੂੰ ਕਿਹਾ, ''ਅਸੀਂ ਡੋਕਲਾਮ ਮਾਮਲੇ ਬਾਰੇ ਚੀਨ ਨੂੰ ਸੰਦੇਸ਼ ਭੇਜ ਦਿਤਾ ਗਿਆ ਹੈ। ਅਸੀਂ ਕਿਹਾ ਹੈ ਕਿ ਚੀਨ ਸਾਡੇ ਇਲਾਕੇ 'ਚ ਸੜਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਦੋਨਾਂ ਦੇਸ਼ਾਂ ਵਿਚਕਾਰ 1988 ਅਤੇ 1998 'ਚ ਹੋਏ ਸਮਝੌਤਿਆਂ ਦੀ ਉਲੰਘਣਾ ਹੈ।''
ਮੀਡੀਆ ਨਾਲ ਗੱਲਬਾਤ ਦੌਰਾਨ ਪੀ.ਐਲ.ਏ. ਦੇ ਸੀਨੀਅਰ ਕਰਨਲ ਝਾਓ ਬੋ ਨੇ ਕਿਹਾ ਕਿ ਚੀਨ ਦੀ ਜਨਤਾ, ਸਰਕਾਰ ਅਤੇ ਫ਼ੌਜ ਡੋਕਲਾਮ ਮਾਮਲੇ 'ਚ ਭਾਰਤ ਦੇ ਖ਼ਤਰਨਾਕ ਰਵਈਏ ਤੋਂ ਨਾਰਾਜ਼ ਹੈ। ਚੀਨ ਇਸ ਮਾਮਲੇ 'ਚ ਹੁਣ ਤਕ ਸ਼ਬਦਾਂ ਦੀ ਸੰਭਲ ਕੇ ਵਰਤੋਂ ਕਰ ਰਿਹਾ ਹੈ। ਬੋ ਨੇ ਕਿਹਾ, ''ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਸਭ ਕੁਝ ਵਧੀਆ ਰਹੇਗਾ, ਪਰ ਇਹ ਵੀ ਤੈਅ ਹੈ ਕਿ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ। ਦੋਨਾਂ ਦੇਸ਼ਾਂ ਦੇ ਨਾਗਰਿਕਾਂ ਦੀ ਭਲਾਈ ਇਸੇ 'ਚ ਹੈ ਕਿ ਭਾਰਤ ਉਥੋਂ ਬਿਨਾਂ ਕਿਸੇ ਸ਼ਰਤ ਅਪਣੀ ਫ਼ੌਜ ਨੂੰ ਵਾਪਸ ਬੁਲਾ ਲਵੇ।''
ਝਾਓ ਨੇ ਭਾਰਤ ਨੂੰ ਫਿਰ ਧਮਕੀ ਦਿਤੀ। ਉਨ੍ਹਾਂ ਕਿਹਾ, ''ਮਾਮਲੇ ਦਾ ਹੱਲ ਇਹੀ ਹੈ ਕਿ ਭਾਰਤ ਅਪਣੀ ਫ਼ੌਜ ਨੂੰ ਉਥੋਂ ਹਟਾਏ ਨਹੀਂ ਤਾਂ ਚੀਨ ਨੂੰ ਵੀ ਤਾਕਤ ਦੀ ਵਰਤੋਂ ਕਰਨੀ ਹੋਵੇਗੀ। ਸੱਚਾਈ ਇਹੀ ਹੈ ਕਿ ਭਾਰਤ ਨੇ ਚੀਨ ਦੇ ਇਲਾਕੇ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਭੂਟਾਨ ਨੇ ਭਾਰਤ ਤੋਂ ਫ਼ੌਜੀ ਮਦਦ ਨਹੀਂ ਮੰਗੀ ਸੀ ਤਾਂ ਭਾਰਤੀ ਫ਼ੌਜ ਉਥੇ ਕਿਉਂ ਗਈ? ਝਾਓ ਨੇ ਕਿਹਾ, ''ਪਾਕਿਸਤਾਨ ਸਾਡਾ ਦੋਸਤ ਹੈ। ਸੋਚੋ, ਜੇ ਚੀਨ ਪਾਕਿਸਤਾਨ ਦੇ ਕਹਿਣ 'ਤੇ ਸਰਹੱਦ ਪਾਰ ਕਰਦਾ ਹੈ ਤਾਂ ਭਾਰਤ ਨੂੰ ਕਿਵੇਂ ਲੱਗੇਗਾ?''
ਜ਼ਿਕਰਯੋਗ ਹੈ ਕਿ ਇਹ ਵਿਵਾਦ 16 ਜੂਨ ਨੂੰ ਉਦੋਂ ਸ਼ੁਰੂ ਹੋਇਆ ਸੀ, ਜਦੋਂ ਭਾਰਤੀ ਫ਼ੌਜ ਨੇ ਡੋਕਲਾਮ ਖੇਤਰ 'ਚ ਚੀਨ ਦੇ ਫ਼ੌਜੀਆਂ ਨੂੰ ਸੜਕ ਬਣਾਉਣ ਤੋਂ ਰੋਕ ਦਿਤਾ ਸੀ। ਹਾਲਾਂਕਿ ਚੀਨ ਦਾ ਕਹਿਣਾ ਹੈ ਕਿ ਉਹ ਅਪਣੇ ਇਲਾਕੇ 'ਚ ਸੜਕ ਬਣਾ ਰਿਹਾ ਹੈ। ਇਸ ਖੇਤਰ ਦਾ ਭਾਰਤ 'ਚ ਨਾਂ 'ਡੋਕ ਲਾ' ਹੈ, ਜਦਕਿ ਭੂਟਾਨ 'ਚ ਇਸ ਨੂੰ 'ਡੋਕਲਾਮ' ਕਿਹਾ ਜਾਂਦਾ ਹੈ। ਚੀਨ ਦਾ ਦਾਅਵਾ ਹੈ ਕਿ ਇਹ ਉਸ ਦੇ ਡੋਂਗਲਾਂਗ ਰੀਜ਼ਨ ਦਾ ਹਿੱਸਾ ਹੈ। ਭਾਰਤ-ਚੀਨ ਦੀ ਜੰਮੂ-ਕਸ਼ਮੀਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤਕ 3488 ਕਿਲੋਮੀਟਰ ਲੰਮੀ ਸਰਹੱਦ ਹੈ। ਇਸ ਦਾ 200 ਕਿਲੋਮੀਟਰ ਹਿੱਸਾ ਸਿੱਕਮ 'ਚ ਆਉਂਦਾ ਹੈ। (ਪੀਟੀਆਈ)