ਚੀਨ ਦੀ ਸਰਹੱਦ ਨੇੜੇ ਭਾਰਤੀ ਫ਼ੌਜ ਦਾ ਸ਼ਕਤੀ ਪ੍ਰਦਰਸ਼ਨ, ਅਸਮਾਨ ਵਿਚ ਉੱਡੇ 600 ਫ਼ੌਜੀ ਪੈਰਾਟਰੂਪਰ, ਵੀਡੀਓ ਵਾਇਰਲ
ਰਣਨੀਤਕ ਤੌਰ 'ਤੇ ਮਹੱਤਵਪੂਰਨ ਖੇਤਰ 'ਚ ਪਿਛਲੇ ਤਿੰਨ ਹਫਤਿਆਂ 'ਚ ਇਹ ਅਜਿਹਾ ਦੂਜਾ ਅਭਿਆਸ ਸੀ
ਸਿਲੀਗੁੜੀ : ਭਾਰਤੀ ਫ਼ੌਜ ਦੀ ਏਅਰਬੋਰਨ ਰੈਪਿਡ ਰਿਸਪਾਂਸ ਟੀਮ ਦੇ ਲਗਭਗ 600 ਪੈਰਾਟ੍ਰੋਪਰਾਂ ਨੇ 24 ਅਤੇ 25 ਮਾਰਚ ਨੂੰ ਇੱਕ ਹਵਾਈ ਅਭਿਆਸ ਦੌਰਾਨ ਸਿਲੀਗੁੜੀ ਕੋਰੀਡੋਰ ਦੇ ਨੇੜੇ ਅਸਮਾਨ 'ਚੋਂ ਸ਼ਲਾਂਗ ਲਗਾਈ ਸੀ। ਇਹ ਇਲਾਕਾ ਚੀਨ ਦੀ ਸਰਹੱਦ ਦੇ ਨੇੜੇ ਹੈ।
ਰਣਨੀਤਕ ਤੌਰ 'ਤੇ ਮਹੱਤਵਪੂਰਨ ਖੇਤਰ 'ਚ ਪਿਛਲੇ ਤਿੰਨ ਹਫ਼ਤਿਆਂ 'ਚ ਇਹ ਅਜਿਹਾ ਦੂਜਾ ਅਭਿਆਸ ਸੀ। ਭਾਰਤੀ ਫ਼ੌਜ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਿਲੀਗੁੜੀ ਕੋਰੀਡੋਰ ਨੂੰ ਭਾਰਤ ਦਾ 'ਚਿਕਨ ਨੇਕ' ਵੀ ਕਿਹਾ ਜਾਂਦਾ ਹੈ, ਜੋ ਨਾ ਸਿਰਫ ਵਪਾਰਕ ਅਤੇ ਭੂਗੋਲਿਕ ਤੌਰ 'ਤੇ, ਸਗੋਂ ਰਣਨੀਤਕ ਤੌਰ 'ਤੇ ਵੀ ਭਾਰਤ ਦਾ ਮਹੱਤਵਪੂਰਨ ਖੇਤਰ ਹੈ।
ਸਿਲੀਗੁੜੀ ਕੋਰੀਡੋਰ ਨੇਪਾਲ, ਭੂਟਾਨ ਅਤੇ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੀ ਜ਼ਮੀਨ ਹੈ ਅਤੇ ਚੀਨ ਦੀ ਸਰਹੱਦ ਵੀ ਨੇੜੇ ਹੈ। ਇਹ ਉੱਤਰ-ਪੂਰਬੀ ਖੇਤਰ ਨੂੰ ਬਾਕੀ ਭਾਰਤ ਨਾਲ ਜੋੜਦਾ ਹੈ ਅਤੇ ਫ਼ੌਜੀ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅਭਿਆਸ ਦਾ ਉਦੇਸ਼ ਉੱਨਤ ਫ੍ਰੀ-ਫਾਲ ਤਕਨੀਕਾਂ, ਪ੍ਰਵੇਸ਼, ਨਿਗਰਾਨੀ, ਨਿਸ਼ਾਨਾ ਅਭਿਆਸ ਅਤੇ ਦੁਸ਼ਮਣ ਲਾਈਨਾਂ ਨੂੰ ਪਾਰ ਕਰਨਾ ਸੀ। ਸਿਲੀਗੁੜੀ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੈ, ਇਸ ਲਈ ਇੱਥੇ ਭਾਰਤੀ ਫ਼ੌਜ, ਅਸਾਮ ਰਾਈਫਲਜ਼, ਸੀਮਾ ਸੁਰੱਖਿਆ ਬਲ ਅਤੇ ਪੱਛਮੀ ਬੰਗਾਲ ਪੁਲਿਸ ਦੁਆਰਾ ਗਸ਼ਤ ਕੀਤੀ ਜਾਂਦੀ ਹੈ।