Gaza News : ਗਾਜ਼ਾ ’ਚ ਫਲਸਤੀਨੀ ਲੋਕ ਹੋਏ ਹਮਾਸ ਵਿਰੁਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Gaza News : ਕਈ ਵੀਡੀਉ ’ਚ ਜਨਤਕ ਤੌਰ ’ਤੇ ਹਮਾਸ ਵਿਰੁਧ ਦੁਰਲੱਭ ਪ੍ਰਦਰਸ਼ਨ ਵੇਖਣ ਨੂੰ ਮਿਲਿਆ

ਗਾਜ਼ਾ ’ਚ ਫਲਸਤੀਨੀ ਲੋਕ ਹੋਏ ਹਮਾਸ ਵਿਰੁਧ

Gaza News in Punjabi : ਗਾਜ਼ਾ ਪੱਟੀ ’ਚ ਫਲਸਤੀਨੀਆਂ ਨੇ ਜੰਗ ਵਿਰੋਧੀ ਪ੍ਰਦਰਸ਼ਨ ਦੌਰਾਨ ਹਮਾਸ ਦੇ ਵਿਰੁਧ ਦੁਰਲੱਭ ਨਾਅਰੇਬਾਜ਼ੀ ਕੀਤੀ। ਆਨਲਾਈਨ ਫੈਲ ਰਹੇ ਕੁੱਝ ਵੀਡੀਉ ਅਨੁਸਾਰ ਭਾਰੀ ਤਬਾਹੀ ਵਾਲੇ ਉੱਤਰੀ ਸ਼ਹਿਰ ਬੇਟ ਲਾਹੀਆ ਵਿਚ ਹੋਏ ਵਿਰੋਧ ਪ੍ਰਦਰਸ਼ਨ ਵਿਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ‘ਜੰਗ ਬੰਦ ਕਰੋ’, ‘ਅਸੀਂ ਮਰਨ ਤੋਂ ਇਨਕਾਰ ਕਰਦੇ ਹਾਂ’ ਅਤੇ ‘ਸਾਡੇ ਬੱਚਿਆਂ ਦਾ ਖੂਨ ਸਸਤਾ ਨਹੀਂ ਹੈ’ ਲਿਖੇ ਹੋਏ ਸਨ। ਕੁੱਝ ਪ੍ਰਦਰਸ਼ਨਕਾਰੀਆਂ ਨੇ ‘ਹਮਾਸ ਨੂੰ ਬਾਹਰ ਕੱਢੋ’ ਦੇ ਨਾਅਰੇ ਵੀ ਲਗਾਏ। 

ਇਹ ਵਿਰੋਧ ਪ੍ਰਦਰਸ਼ਨ ਜੰਗਬੰਦੀ ਤੋਂ ਬਾਅਦ ਸ਼ੁਰੂ ਹੋਏ ਇਜ਼ਰਾਈਲ ਦੇ ਅਚਾਨਕ ਹਮਲਿਆਂ ਦੀ ਲਹਿਰ ਕਾਰਨ ਹੋਇਆ ਜਿਸ ’ਚ ਸੈਂਕੜੇ ਲੋਕ ਮਾਰੇ ਗਏ ਸਨ, ਨਾਲ ਹੀ ਗਾਜ਼ਾ ਦੇ ਲਗਭਗ 20 ਲੱਖ ਫਲਸਤੀਨੀਆਂ ਨੂੰ ਭੋਜਨ, ਬਾਲਣ, ਦਵਾਈਆਂ ਅਤੇ ਮਨੁੱਖੀ ਸਹਾਇਤਾ ਦੀ ਸਪਲਾਈ ਰੋਕ ਦਿਤੀ ਗਈ ਸੀ। ਇਜ਼ਰਾਈਲ ਨੇ ਉਦੋਂ ਤਕ ਜੰਗ ਨੂੰ ਤੇਜ਼ ਕਰਨ ਦਾ ਸੰਕਲਪ ਲਿਆ ਹੈ ਜਦੋਂ ਤਕ ਹਮਾਸ ਉਨ੍ਹਾਂ 59 ਬੰਧਕਾਂ ਨੂੰ ਵਾਪਸ ਨਹੀਂ ਕਰਦਾ ਅਤੇ ਸੱਤਾ ਛੱਡਣ, ਹਥਿਆਰ ਸੁੱਟਣ ਅਤੇ ਅਪਣੇ ਨੇਤਾਵਾਂ ਨੂੰ ਜ਼ਲਾਵਤਨ ਭੇਜਣ ਸਮੇਤ ਹੋਰ ਮੰਗਾਂ ਨੂੰ ਪੂਰਾ ਨਹੀਂ ਕਰਦਾ। 

ਇਹ ਵਿਰੋਧ ਪ੍ਰਦਰਸ਼ਨ ਜਨਤਕ ਰਾਏ ’ਚ ਇਕ ਮਹੱਤਵਪੂਰਣ ਤਬਦੀਲੀ ਨੂੰ ਦਰਸਾਉਂਦੇ ਹਨ, ਕਿਉਂਕਿ ਫਲਸਤੀਨੀਆਂ ਨੇ ਹਮਾਸ ਦੇ ਜੰਗ ਨਾਲ ਨਜਿੱਠਣ ਦੇ ਤਰੀਕੇ ਤੋਂ ਨਿਰਾਸ਼ਾ ਜ਼ਾਹਰ ਕੀਤੀ ਹੈ। ਇਕ ਪ੍ਰਦਰਸ਼ਨਕਾਰੀ ਅਨੁਸਾਰ, ‘‘ਅਸੀਂ ਬੰਬ ਧਮਾਕੇ, ਕਤਲ ਅਤੇ ਉਜਾੜੇ ਤੋਂ ਤੰਗ ਆ ਗਏ ਹਾਂ... ਅਸੀਂ ਇਜ਼ਰਾਈਲ ਨੂੰ ਸਾਨੂੰ ਮਾਰਨ ਤੋਂ ਨਹੀਂ ਰੋਕ ਸਕਦੇ ਪਰ ਅਸੀਂ ਹਮਾਸ ’ਤੇ ਰਿਆਇਤਾਂ ਦੇਣ ਲਈ ਦਬਾਅ ਪਾ ਸਕਦੇ ਹਾਂ।’’ ਇਹ ਵਿਰੋਧ ਪ੍ਰਦਰਸ਼ਨ ਗਾਜ਼ਾ ’ਚ ਵੱਧ ਰਹੇ ਮਨੁੱਖੀ ਸੰਕਟ ਨੂੰ ਵੀ ਉਜਾਗਰ ਕਰਦੇ ਹਨ, ਜਿੱਥੇ ਇਜ਼ਰਾਈਲ ਦੀ ਬੰਬਾਰੀ ਅਤੇ ਜ਼ਮੀਨੀ ਕਾਰਵਾਈਆਂ ਨੇ ਭਾਰੀ ਤਬਾਹੀ ਮਚਾਈ ਹੈ ਅਤੇ ਲਗਭਗ 90٪ ਆਬਾਦੀ ਬੇਘਰ ਹੋ ਗਈ ਹੈ। 

(For more news apart from Palestinians in Gaza are against Hamas  News in Punjabi, stay tuned to Rozana Spokesman)