ਮਾਨਸਿਕ ਤਣਾਅ 'ਚੋਂ ਗੁਜ਼ਰ ਰਹੇ ਹਨ ਬ੍ਰਿਟੇਨ ਦੇ 77 ਫ਼ੀ ਸਦ ਸਿੱਖ : ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਸ਼ਵ ਦੇ ਵੱਖ-ਵੱਖ ਮੁਲਕਾਂ ਵਿਚ ਸਿੱਖਾਂ ਦੀ ਵੱਡੀ ਗਿਣਤੀ ਹੈ। ਸ਼ਾਇਦ ਹੀ ਕੋਈ ਦੇਸ਼ ਅਜਿਹਾ ਹੋਵੇਗਾ, ਜਿੱਥੇ ਸਿੱਖਾਂ ਦੀ ਆਬਾਦੀ ਨਾ ਹੋਵੇ। ਬ੍ਰਿਟੇਨ ਵੀ ...

77% Britain Sikhs find their lives stressful

ਲੰਡਨ : ਵਿਸ਼ਵ ਦੇ ਵੱਖ-ਵੱਖ ਮੁਲਕਾਂ ਵਿਚ ਸਿੱਖਾਂ ਦੀ ਵੱਡੀ ਗਿਣਤੀ ਹੈ। ਸ਼ਾਇਦ ਹੀ ਕੋਈ ਦੇਸ਼ ਅਜਿਹਾ ਹੋਵੇਗਾ, ਜਿੱਥੇ ਸਿੱਖਾਂ ਦੀ ਆਬਾਦੀ ਨਾ ਹੋਵੇ। ਬ੍ਰਿਟੇਨ ਵੀ ਅਜਿਹੇ ਮੁਲਕਾਂ ਵਿਚੋਂ ਇਕ ਜਿੱਥੇ ਸਿੱਖਾਂ ਦੀ ਵੱਡੀ ਆਬਾਦੀ ਮੌਜੂਦ ਹੈ ਪਰ ਬ੍ਰਿਟੇਨ ਵਿਚ ਵਸਣ ਵਾਲੇ ਸਿੱਖਾਂ ਨੂੰ ਲੈ ਕੇ ਇਕ ਹੈਰਾਨੀਜਨਕ ਪ੍ਰਗਟਾਵਾ ਹੋਇਆ ਹੈ। ਬੀਤੇ ਦਿਨ ਪ੍ਰਕਾਸ਼ਤ ਛੇਵੀਂ ਸਾਲਾਨਾ ਬ੍ਰਿਟਿਸ਼ ਸਿੱਖ ਰਿਪੋਰਟ ਵਿਚ ਪ੍ਰਗਟਾਵਾ ਕੀਤਾ ਗਿਆ ਹੈ ਕਿ ਸਿੱਖਾਂ ਵਿਚ 77 ਫ਼ੀ ਸਦ (ਭਾਵ 10 ਵਿਚੋਂ 8) ਲੋਕ ਅਜਿਹੇ ਹਨ, ਜੋ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ। 

ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਸਦ ਵਿਚ ਸ਼ਾਮਲ ਸਾਂਸਦਾਂ ਅਤੇ ਹੋਰ ਲੋਕਾਂ ਵਲੋਂ ਇਕ ਪ੍ਰੋਗਰਾਮ ਵਿਚ ਲਾਂਚ ਕੀਤੀ ਗਈ ਰਿਪੋਰਟ ਦਾ ਮਕਸਦ ਸਿੱਖ ਸਮਾਜ ਅੰਦਰ ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਸ ਸਬੰਧੀ ਡੇਟਾ ਇਕੱਠਾ ਕਰਨਾ ਹੈ। ਬ੍ਰਿਟੇਨ ਦੇ ਸਿੱਖ ਸਮਾਜ ਦੀ ਮਾਨਸਿਕ ਸਿਹਤ ਸਬੰਧੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 80 ਫ਼ੀ ਸਦ ਸਿੱਖ ਔਰਤਾਂ ਅਤੇ 68 ਫ਼ੀ ਸਦ ਸਿੱਖ ਪੁਰਸ਼ ਇਹ ਸਵੀਕਾਰ ਕਰਦੇ ਹਨ ਕਿ ਉਹ ਪਿਛਲੇ ਸਮੇਂ ਦੌਰਾਨ ਖ਼ਰਾਬ ਮਾਨਸਿਕ ਸਿਹਤ ਦਾ ਸਾਹਮਣਾ ਕਰਨ ਵਾਲੇ ਕਿਸੇ ਨਾ ਕਿਸੇ ਵਿਅਕਤੀ ਨੂੰ ਜਾਣਦੇ ਹਨ।  

ਇਸ ਤੋਂ ਇਲਾਵਾ ਪ੍ਰਕਾਸ਼ਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ 35 ਫ਼ੀ ਸਦ ਸਿੱਖ ਕੰਮ ਕਾਰਨ ਤਣਾਅ ਵਿਚ ਹਨ ਅਤੇ 27 ਫ਼ੀ ਸਦ ਨੂੰ ਪਰਵਾਰ ਜ਼ਿੰਮੇਵਾਰੀਆਂ ਕਾਰਨ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਬਰਤਾਨੀਆਈ ਮੰਤਰੀ ਨਿਕ ਬੋਰਨ ਨੇ ਕਿਹਾ ਕਿ ਪਿਛੋਕੜ ਹਰ ਵਿਅਕਤੀ ਨੂੰ ਪ੍ਰਭਾਵਤ ਕਰਦਾ ਹੈ, ਜਿਸ ਲਈ ਸਿੱਖਾਂ ਵਿਚ ਜਾਗਰੂਕਤਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਨੂੰ ਅਜਿਹੀ ਰਿਪੋਰਟ 'ਤੇ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਰਿਪੋਰਟ ਨਾਲ ਸਿੱਖਾਂ ਨੂੰ ਜਾਗਰੂਕ ਕਰਨ ਲਈ ਹੋਰ ਹੌਂਸਲਾ ਮਿਲੇਗਾ। ਬ੍ਰਿਟਿਸ਼ ਸਿੱਖ ਰਿਪੋਰਟ ਦੇ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਲੰਬੇ ਸਮੇਂ ਤੋਂ ਸਿੱਖਾਂ ਲਈ ਚੁਣੌਤੀ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਅਪਣੀ ਸਿਹਤ ਸੰਭਾਲ ਸਬੰਧੀ ਹੁਣ ਨਵਾਂ ਕਦਮ ਚੁੱਕ ਲੈਣਾ ਚਾਹੀਦਾ ਹੈ।