ਭਾਰਤ ਦੇ ਮੁੱਖ ਸ਼ਹਿਰਾਂ ਤੋਂ ਆਸਟਰੇਲੀਆਈ ਨਾਗਰਿਕਾਂ ਲਈ ਹਵਾਈ ਉਡਾਣਾਂ ਅਗਲੇ ਹਫ਼ਤੇ
ਜੋ ਆਸਟਰੇਲੀਆਈ ਨਾਗਰਿਕ ਅਤੇ ਵਸਨੀਕ ਕੋਰੋਨਾ ਮਹਾਂਮਾਰੀ ਕਾਰਨ ਭਾਰਤ ਵਿਚ ਲਾਗੂ ਦੇਸ਼ ਵਿਆਪੀ ਤਾਲਾਬੰਦੀ ਕਾਰਨ ਉਥੇ ਫਸੇ ਹੋਏ ਹਨ , ਉਨ੍ਹਾਂ
ਪਰਥ, 25 ਅਪ੍ਰੈਲ (ਪਿਆਰਾ ਸਿੰਘ ਨਾਭਾ) :ਜੋ ਆਸਟਰੇਲੀਆਈ ਨਾਗਰਿਕ ਅਤੇ ਵਸਨੀਕ ਕੋਰੋਨਾ ਮਹਾਂਮਾਰੀ ਕਾਰਨ ਭਾਰਤ ਵਿਚ ਲਾਗੂ ਦੇਸ਼ ਵਿਆਪੀ ਤਾਲਾਬੰਦੀ ਕਾਰਨ ਉਥੇ ਫਸੇ ਹੋਏ ਹਨ , ਉਨ੍ਹਾਂ ਨੂੰ ਵਾਪਸ ਆਸਟਰੇਲੀਆ ਲਿਆਉਣ ਲਈ ਸਰਕਾਰ ਨੇ ਅਪਣੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰ ਦਿਤਾ ਹੈ, ਜਿਸ ਤਹਿਤ ਅਗਲੇ ਹਫ਼ਤੇ ਇਕ ਵਪਾਰਕ ਏਅਰ ਲਾਈਨ ਤੋਂ ਬਾਅਦ ਦਿੱਲੀ, ਮੁੰਬਈ, ਚੇਨ੍ਹਈ ਅਤੇ ਕੋਲਕਾਤਾ ਤੋਂ ਵਿਸ਼ੇਸ ਹਵਾਈ ਉਡਾਣਾਂ ਚਲਾਈਆਂ ਜਾਣਗੀਆਂ ।
ਮੀਡੀਆ ਨੂੰ ਦਿਤੇ ਬਿਆਨ ਵਿਚ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (ਡੀ.ਐਫ਼.ਏ.ਟੀ.) ਨੇ ਕਿਹਾ ਕਿ ਹੋਰ ਉਡਾਣਾਂ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਡੀ.ਐਫ਼.ਏ.ਟੀ. ਦੇ ਬੁਲਾਰੇ ਨੇ ਕਿਹਾ, ਭਾਰਤ ਵਿਚ ਆਸਟਰੇਲੀਆਈ ਹਾਈ ਕਮਿਸ਼ਨ ਸਰਗਰਮੀ ਨਾਲ ਭਾਰਤ ਵਿਚ ਫਸੇ ਆਸਟਰੇਲੀਆਈ ਨਾਗਰਿਕਾਂ ਨੂੰ ਘਰ ਪਰਤਣ ਦੇ ਯੋਗ ਬਣਾਉਣ ਲਈ ਵੱਖ-ਵੱਖ ਤਰੀਕਿਆਂ ਦੀ ਖੋਜ ਕਰ ਰਿਹਾ ਹੈ, ਜਿਸ ਵਿਚ ਵਪਾਰਕ ਗ਼ੈਰ-ਅਨੁਸੂਚਿਤ ਵਿਕਲਪ ਵੀ ਸ਼ਾਮਲ ਹਨ। ਵਿਭਾਗ ਨੇ ਕਿਹਾ ਕਿ ਹਾਈ ਕਮਿਸ਼ਨ ਭਾਰਤ ਵਿਚ ਸਥਾਨਕ ਆਸਟਰੇਲੀਆਈ ਕਮਿਊਨਿਟੀ ਨਾਲ ਨੇੜਲੇ ਸੰਪਰਕ ਵਿਚ ਹੈ ਅਤੇ ਨਿਯਮਤ ਤੌਰ ’ਤੇ ਅਪਡੇਟ ਪ੍ਰਦਾਨ ਕਰ ਰਿਹਾ ਹੈ।
ਭਾਰਤ ਵਿਚ ਫਸੇ ਸਾਰੇ ਲੋਕਾਂ ਨੂੰ ਸੂਚਿਤ ਕਰਦੇ ਹੋਏ ਆਸਟਰੇਲੀਆ ਦੇ ਡਿਪਟੀ ਹਾਈ ਕਮਿਸ਼ਨਰ ਰੋਡ ਹਿਲਟਨ ਨੇ ਟਵਿੱਟਰ ’ਤੇ ਲਿਖਿਆ ਕਿ ਵਿਸ਼ੇਸ਼ ਕਮਿਸ਼ਨਾਂ ਦੀ ਬੁਕਿੰਗ ਸ਼ੁਰੂ ਹੋਣ ’ਤੇ ਹਾਈ ਕਮਿਸ਼ਨ ਇਕ ਈਮੇਲ ਭੇਜ ਦੇਵੇਗਾ। ਉਨ੍ਹਾਂ ਲਿਖਿਆ ਕਿ ਯਾਤਰੀ ਸਿਡਨੀ, ਮੈਲਬੌਰਨ, ਪਰਥ ਵਾਪਸ ਆਉਣ ਲਈ ਅਪਣੀ ਤਰਜੀਹ ਨੂੰ “ਪਹਿਲਾਂ ਆਉਣ ਵਾਲੇ ਅਧਾਰ ’ਤੇ ਨਾਮਜ਼ਦ ਕਰ ਸਕਣਗੇ। ਹਾਈ ਕਮਿਸ਼ਨ ਨੇ ਅਪਣੇ ਟਵਿੱਟਰ ਹੈਂਡਲ ’ਤੇ ਅੱਗੇ ਸਪੱਸ਼ਟ ਕੀਤਾ ਕਿ ਉਹ ਸਾਰੇ ਜੋ ਇਕ ਵਿਸ਼ੇਸ਼ ਉਡਾਣਾਂ ਲਈ ਬੁੱਕ ਕਰਨ ਦਾ ਫ਼ੈਸਲਾ ਕਰਨਗੇ, ਉਨ੍ਹਾਂ ਨੂੰ ਭਾਰਤ ਵਿਚ ਉਨ੍ਹਾਂ ਦੇ ਸਥਾਨ ਬਾਰੇ ਪੁਛਿਆ ਜਾਵੇਗਾ।