ਪੂਰੇ ਲਾਕਡਾਊਨ ਨਾਲ ਗ਼ਰੀਬ ਲੋਕ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੇ : ਇਮਰਾਨ ਖ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਨਿਚਰਵਾਰ ਨੂੰ ਇਕ ਵਾਰ ਫਿਰ ‘ਪੂਰੇ ਲਾਕਡਾਊਨ’ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਨਾਲ ਗ਼ਰੀਬ ਲੋਕ ਬੁਰੀ ਤਰ੍ਹਾਂ ਨਾਲ

File Photo

ਇਸਲਾਮਾਬਾਦ, 25 ਅਪ੍ਰੈਲ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਨਿਚਰਵਾਰ ਨੂੰ ਇਕ ਵਾਰ ਫਿਰ ‘ਪੂਰੇ ਲਾਕਡਾਊਨ’ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਨਾਲ ਗ਼ਰੀਬ ਲੋਕ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਣਗੇ। ਪਾਕਿਸਤਾਨ ਸਰਕਾਰ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਦੇਸ਼ਵਿਆਪੀ ਲਾਕਡਾਊਨ ਨੂੰ 9 ਮਈ ਤਕ ਲਈ ਵਧਾਇਆ,

ਜਦਕਿ ਪਾਬੰਦੀ ਲਾਉਣ ਦੀ ਜ਼ਿੰਮੇਦਾਰੀ ਸੂਬਾ ਸਰਕਾਰਾਂ ਨੂੰ ਸੌਂਪ ਦਿਤੀ ਹੈ ਹਾਲਾਂਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਵਾਰ ਫਿਰ ‘ਪੂਰੇ ਲਾਕਡਾਊਨ’ ਦਾ ਵਿਰੋਧ ਕੀਤਾ। ਉਨ੍ਹਾਂ ਨੇ ਸ਼ੁਕਰਵਾਰ ਨੂੰ ਟਵੀਟ ਕਿਤਾ, ‘‘ਜਦ ਅਸੀਂ ਦਿਹਾੜੀ ਮਜ਼ਦੂਰਾਂ, ਫੇਰੀ ਵਾਲਿਆਂ, ਕਾਮਿਆਂ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਸੋਚੇ ਬਿਨਾਂ ਪੂਰਾ ਲਾਕਡਾਊਨ ਕਰਨਾ ਚਾਹੁੰਦੇ ਹਾਂ ਤਾਂ ਉਹ ਸਾਰੇ ਅਤੇ ਉਨ੍ਹਾਂ ਦੇ ਪ੍ਰਵਾਰ ਗ਼ਰੀਬੀ ਅਤੇ ਭੁੱਖਮਰੀ ਦਾ ਸਾਹਮਣਾ ਕਰਨਗੇ।’’

ਇਮਰਾਨ ਖ਼ਾਨ ਨੇ ਨਰਿੰਦਰ ਮੋਦੀ ਦਾ ਨਾਂ ਲੈ ਕੇ ਕਿਹਾ ਕਿ ਮੋਦੀ ਦਾ ਮੁਕੰਮਲ ਤਾਲਾਬੰਦੀ ਵਾਲਾ ਫ਼ੈਸਲਾ ਗ਼ਲਤ ਸੀ ਜਿਸ ਵਿਚ ਗ਼ਰੀਬਾਂ ਨੂੰ 200-200 ਮੀਲ ਪੈਦਲ ਚਲ ਕੇ ਘਰ ਪੁੱਜਣ ਲਈ ਖੱਜਲ-ਖੁਆਰ ਹੋਣਾ ਪਿਆ। ਖ਼ਾਨ ਨੇ ਕੋਰੋਨਾ ਵਾਇਰਸ ਮਹਾਂਮਾਰੀ ਵਿਚਾਲੇ ਸਨਿਚਰਵਾਰ ਨੂੰ ਸ਼ੁਰੂ ਹੋਏ ਰਮਜ਼ਾਨ ਦੇ ਮਹੀਨੇ ’ਚ ਮਸਜਿਦਾਂ ’ਚ ਲੋਕਾਂ ਤੋਂ ਦਿਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਮੌਲਵੀਆਂ ਦੇ ਦਬਾਅ ਦੇ ਬਾਅਦ ਸਰਕਾਰ ਨੇ ਰਮਜ਼ਾਨ ਦੌਰਾਨ ਮਸਜਿਦਾਂ ’ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇ ਦਿਤੀ ਸੀ। (ਪੀਟੀਆਈ)