ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪਟਿਆਲਾ ਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਮਈ 2019 ਤੋਂ ਕੈਮਬ੍ਰੀਅਨ ਕਾਲਜ ਓਨਟਾਰੀਓ 'ਚ ਕਰ ਰਿਹਾ ਸੀ ਪੜ੍ਹਾਈ
Abhishek Verma
ਓਨਟਾਰੀਓ : ਪੰਜਾਬ ਸਮੇਤ ਹੋਰ ਸੂਬਿਆਂ ਤੋਂ ਬਹੁਤ ਸਾਰੇ ਵਿਦਿਆਰਥੀ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਪੜ੍ਹਾਈ ਲਈ ਜਾਂਦੇ ਹਨ ਪਰ ਅੱਜ ਪੰਜਾਬੀ ਭਾਈਚਾਰੇ ਲਈ ਕੈਨੇਡਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਮਈ 2019 'ਚ ਕੈਨੇਡਾ ਵਿਖੇ ਪੜ੍ਹਾਈ ਕਰਨ ਗਏ ਅਰਸ਼ਦੀਪ ਵਰਮਾ ਪੁੱਤਰ ਰਾਜ ਕੁਮਾਰ ਵਰਮਾ ਵੱਲੋਂ ਬੀਤੇ ਸ਼ਨੀਵਾਰ ਨੂੰ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਰਸ਼ਦੀਪ ਪੰਜਾਬ ਦੇ ਪਿੰਡ ਘੱਗਾ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਸੀ। ਮਹਿਜ਼ ਦੋ ਸਾਲ ਪਹਿਲਾਂ ਹੀ ਅਰਸ਼ਦੀਪ ਕੈਨੇਡਾ ਦੇ ਉਨਟਾਰੀਓ ਨਾਲ ਸਬੰਧਤ ਕੈਮਬ੍ਰੀਅਨ ਕਾਲਜ਼ 'ਚ ਵਿਦਿਆਰਥੀ ਦੇ ਤੌਰ 'ਤੇ ਆਇਆ ਸੀ।
ਨੌਜਵਾਨ ਬਾਰੇ ਪਤਾ ਲੱਗਾ ਹੈ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਖ਼ੁਦਕੁਸ਼ੀ ਵਰਗਾ ਕਦਮ ਚੁੱਕਣਾ ਪਿਆ। ਨੌਜਵਾਨ ਦੇ ਦੋਸਤ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਵਾਪਸ ਭੇਜਣ ਦਾ ਪ੍ਰਬੰਧ ਕਰ ਰਹੇ ਹਨ।