ਅਮਰੀਕਾ : ਪੁਲਿਸ ਕਾਰਵਾਈ ’ਚ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਹੂ ਨੂੰ ‘ਬਾਈਪੋਲਰ ਡਿਸਆਰਡਰ’ ਸੀ : ਸਾਬਕਾ ਪਤਨੀ

US Police

ਨਿਊਯਾਰਕ: ਨਿਊਯਾਰਕ ਦੇ ਸੈਨ ਐਂਟੋਨੀਓ ’ਚ ‘ਗੰਭੀਰ ਹਮਲਾ’ ਕਰਨ ਦੇ ਮੁਲਜ਼ਮ ਭਾਰਤੀ ਮੂਲ ਦੇ ਇਕ ਵਿਅਕਤੀ ਦੀ ਪੁਲਿਸ ਕਾਰਵਾਈ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਅਧਿਕਾਰੀ ਸਚਿਨ ਸਾਹੂ (42) ਨੂੰ ਫੜਨ ਲਈ ਉਸ ਦੀ ਗੱਡੀ ਦਾ ਪਿੱਛਾ ਕਰ ਰਹੇ ਸਨ। ਇਸ ਦੌਰਾਨ ਉਸ ਨੇ ਅਪਣੀ ਗੱਡੀ ਨਾਲ ਦੋ ਅਧਿਕਾਰੀਆਂ ਨੂੰ ਟੱਕਰ ਮਾਰ ਦਿਤੀ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਟਾਈਲਰ ਟਰਨਰ ਨੇ ਉਸ ’ਤੇ ਗੋਲੀ ਚਲਾ ਦਿਤੀ। ਸਾਹੂ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਸੂਤਰਾਂ ਨੇ ਦਸਿਆ ਕਿ ਉਹ ਅਮਰੀਕੀ ਨਾਗਰਿਕ ਹੋਣ ਦੀ ਸੰਭਾਵਨਾ ਹੈ। 

ਸੈਨ ਐਂਟੋਨੀਓ ਪੁਲਿਸ ਵਿਭਾਗ ਨੇ ਦਸਿਆ ਕਿ ਗੰਭੀਰ ਹਮਲੇ ਦੀ ਰੀਪੋਰਟ ਮਿਲਣ ਤੋਂ ਬਾਅਦ ਅਧਿਕਾਰੀਆਂ ਨੂੰ 21 ਅਪ੍ਰੈਲ ਨੂੰ ਸ਼ਾਮ 6:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਸੈਨ ਐਂਟੀਗੋ ਦੇ ਚੇਵਿਓਟ ਹਾਈਟਸ ਭੇਜਿਆ ਗਿਆ ਸੀ। ਇੱਥੇ ਪਹੁੰਚਣ ’ਤੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ 51 ਸਾਲ ਦੀ ਔਰਤ ਨੂੰ ਕਿਸੇ ਗੱਡੀ ਨੇ ਜਾਣਬੁਝ ਕੇ ਟੱਕਰ ਮਾਰ ਦਿਤੀ ਸੀ। 

ਵਿਭਾਗ ਮੁਤਾਬਕ ਟੱਕਰ ਮਾਰਨ ਦੇ ਮਾਮਲੇ ’ਚ ਸ਼ੱਕੀ ਸਾਹੂ ਮੌਕੇ ਤੋਂ ਫਰਾਰ ਹੋ ਗਿਆ। ਔਰਤ ਨੂੰ ਸਥਾਨਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਸੈਨ ਐਂਟੋਨੀਓ ਪੁਲਿਸ ਨੇ ਸਾਹੂ ਵਿਰੁਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। 

ਪੁਲਿਸ ਨੇ ਦਸਿਆ ਕਿ ਕਈ ਘੰਟਿਆਂ ਬਾਅਦ ਮੁਲਜ਼ਮ ਦੇ ਗੁਆਂਢੀਆਂ ਨੇ ਉਸ ਨੂੰ ਦਸਿਆ ਕਿ ਸਾਹੂ ਵਾਪਸ ਆ ਗਿਆ ਹੈ, ਜਿਸ ਤੋਂ ਬਾਅਦ ਅਧਿਕਾਰੀ ਉਸ ਦੇ ਘਰ ਪਹੁੰਚੇ। ਉਸੇ ਵੇਲੇ ਸਾਹੂ ਨੇ ਅਪਣੀ ਗੱਡੀ ਨਾਲ ਦੋ ਅਧਿਕਾਰੀਆਂ ਨੂੰ ਟੱਕਰ ਮਾਰ ਦਿਤੀ। ਇਸ ਦੌਰਾਨ ਇਕ ਅਧਿਕਾਰੀ ਨੇ ਅਪਣੇ ਹਥਿਆਰ ਨਾਲ ਸਾਹੂ ਵਲ ਗੋਲੀ ਚਲਾ ਦਿਤੀ । ਸਾਹੂ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿਤਾ ਗਿਆ।

ਪੁਲਿਸ ਨੇ ਦਸਿਆ ਕਿ ਇਕ ਜ਼ਖਮੀ ਅਧਿਕਾਰੀ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਦੂਜੇ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ। ਇਸ ਦੌਰਾਨ ਕਿਸੇ ਹੋਰ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪੁਲਿਸ ਮੁਖੀ ਬਿਲ ਮੈਕਮੈਨਸ ਨੇ ਕਿਹਾ ਕਿ ਪੁਲਿਸ ਨੇ ਅਜੇ ਤਕ ਬਾਡੀਕੈਮ ਫੁਟੇਜ ਨਹੀਂ ਵੇਖੀ ਹੈ। ਇਸ ਨੂੰ ਵੇਖਣ ਤੋਂ ਬਾਅਦ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ। ਨਿਊਜ਼ ਪਲੇਟਫਾਰਮ ‘ਕੇਨਸ ਡਾਟ ਕਾਮ’ ਦੀ ਇਕ ਰੀਪੋਰਟ ਵਿਚ ਸਾਹੂ ਦੀ ਸਾਬਕਾ ਪਤਨੀ ਲੀਆ ਗੋਲਡਸਟੀਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਾਹੂ ਨੂੰ ‘ਬਾਈਪੋਲਰ ਡਿਸਆਰਡਰ’ ਸੀ। ਗੋਲਡਸਟੀਨ ਨੇ ਕਿਹਾ, ‘‘ਉਹ ਪਿਛਲੇ 10 ਸਾਲਾਂ ਤੋਂ ਇਸ ਬੀਮਾਰੀ ਤੋਂ ਪੀੜਤ ਸੀ। ਉਸ ਨੂੰ ‘ਸਕਿਜ਼ੋਫ੍ਰੇਨੀਆ’ ਦੇ ਲੱਛਣ ਵੀ ਸਨ।’ 

‘ਬਾਈਪੋਲਰ ਡਿਸਆਰਡਰ’ ਇਕ ਮਾਨਸਿਕ ਬਿਮਾਰੀ ਹੈ ਜਿਸ ਕਾਰਨ ਪੀੜਤ ਕਈ ਵਾਰ ਖੁਸ਼ੀ ਅਤੇ ਊਰਜਾ ਨਾਲ ਭਰਪੂਰ ਮਹਿਸੂਸ ਕਰਦਾ ਹੈ ਅਤੇ ਕਈ ਵਾਰ ਬਹੁਤ ਜ਼ਿਆਦਾ ਡਿਪਰੈਸ਼ਨ ਵਿਚ ਰਹਿੰਦਾ ਹੈ। ‘ਸਕਿਜ਼ੋਫਰੀਨੀਆ’ ਵੀ ਇਕ ਮਾਨਸਿਕ ਬਿਮਾਰੀ ਹੈ ਜਿਸ ’ਚ ਮਰੀਜ਼ ਉਲਝਣ ਦੀ ਸਥਿਤੀ ’ਚ ਰਹਿੰਦਾ ਹੈ। ਉਨ੍ਹਾਂ ਕਿਹਾ, ‘‘ਉਹ ਸਮਝ ਨਹੀਂ ਸਕਿਆ ਕਿ ਉਸ ਨਾਲ ਕੀ ਗਲਤ ਸੀ। ਉਸ ਨੇ ਆਵਾਜ਼ਾਂ ਸੁਣੀਆਂ ਅਤੇ ਉਲਝਣ ’ਚ ਰਹਿੰਦਾ ਸੀ।’’ ਗੋਲਡਸਟੀਨ ਨੇ ਸਾਹੂ ਨੂੰ ਇਕ ‘ਚੰਗਾ’ ਪਿਤਾ ਦਸਿਆ ।