ਨਿਊਜ਼ੀਲੈਂਡ ’ਚ ਵਧ ਰਹੇ ਕੋਰੋਨਾ ਕੇਸਾਂ ’ਚ ਭਾਰਤ ਤੋਂ ਪਰਤੇ ਯਾਤਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ
ਨਿਊਜ਼ੀਲੈਂਡ ’ਚ ਅੱਜ ਕੋਵਿਡ-19 ਦੇ 3 ਹੋਰ ਕੇਸ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚ ਫਿਰ ਭਾਰਤ ਤੋਂ ਆਏ
ਔਕਲੈਂਡ, 25 ਜੂਨ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ’ਚ ਅੱਜ ਕੋਵਿਡ-19 ਦੇ 3 ਹੋਰ ਕੇਸ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚ ਫਿਰ ਭਾਰਤ ਤੋਂ ਆਏ ਇਕ ਯਾਤਰੀ ਦਾ ਨਾਂਅ ਹੈ। ਨਵੇਂ ਆਏ 3 ਕੇਸਾਂ ਵਿਚੋਂ 2 ਕ੍ਰਾਈਸਟਚਰਚ ਅਤੇ 1 ਰੋਟੋਰੂਆ ਤੋਂ ਹੈ। ਪਹਿਲਾ ਕੇਸ ਇਕ 30 ਸਾਲਾ ਮਹਿਲਾ ਨਾਲ ਸਬੰਧਤ ਹੈ ਜੋ 20 ਜੂਨ ਨੂੰ ਪੇਰੂ (ਦਖਣੀ ਅਮਰੀਕਾ) ਤੋਂ ਆਈ ਸੀ। ਉਹ ਰੋਟੋਰੂਆ ਵਿਖੇ ਆਈਸੋਲੇਸ਼ਨ ’ਚ ਰਹਿ ਰਹੀ ਸੀ ਅਤੇ ਉਸ ਦਾ ਤੀਜੇ ਦਿਨ ਰੁਟੀਨ ਟੈਸਟ ਪਾਜ਼ੇਟਿਵ ਆਇਆ। ਉਸ ਨੂੰ ਜੈੱਟ ਪਾਰਕ ਹੋਟਲ ਦੀ ਕੁਆਰਨਟੀਨ ਸਹੂਲਤ ਵਿਚ ਤਬਦੀਲ ਕੀਤਾ ਗਿਆ ਹੈ। ਆਕਲੈਂਡ ਏਅਰਪੋਰਟ ਤੋਂ ਰੋਟੋਰੂਆ ਦੇ ਈਬਿਸ ਹੋਟਲ ਜਾਣ ਵਾਲੀ ਬੱਸ ਦੇ ਹਰ ਇਕ ਵਿਅਕਤੀ, ਜਿਸ ਵਿਚ ਬੱਸ ਡਰਾਈਵਰ ਵੀ ਸ਼ਾਮਲ ਹੈ ਨੂੰ ਆਈਸੋਲੇਸ਼ਨ ਵਿਚ ਰਖਿਆ ਗਿਆ ਹੈ ਅਤੇ ਜਾਂਚ ਕੀਤੀ ਜਾਏਗੀ।
ਦੂਜਾ ਕੇਸ 70 ਸਾਲਾਂ ਦੇ ਇਕ ਵਿਅਕਤੀ ਨਾਲ ਸਬੰਧਤ ਹੈ ਜੋ 20 ਜੂਨ ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਆਇਆ ਸੀ। ਇਸ ਨੂੰ ਕ੍ਰਾਈਸਟਚਰਚ ਦੇ ਕਮੋਡੋਰ ਏਅਰਪੋਰਟ ਹੋਟਲ ਵਿਚ ਠਹਿਰਾਇਆ ਗਿਆ ਸੀ ਤੇ ਉਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਉਸ ਦਾ ਟੈਸਟ ਤੀਜੇ ਦਿਨ ਕੀਤਾ ਗਿਆ ਸੀ। ਤੀਸਰਾ ਕੇਸ ਵੀ ਭਾਰਤ ਤੋਂ ਆਏ 30 ਸਾਲਾ ਦੇ ਇਕ ਵਿਅਕਤੀ ਦਾ ਹੈ ਜੋ 20 ਜੂਨ ਨੂੰ ਨਵੀਂ ਦਿੱਲੀ ਤੋਂ ਆਇਆ ਸੀ ਉਸ ਨੂੰ ਵੀ ਕਮੋਡੋਰ ਏਅਰਪੋਰਟ ਹੋਟਲ ਵਿਚ ਰਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਦੋਵੇਂ ਆਦਮੀ ਉਸੇ ਉਡਾਣ ਵਿਚ ਆਏ ਸਨ, ਜਿਸ ਵਿਚ ਪਹਿਲਾਂ ਇਕ ਪਤੀ, ਪਤਨੀ ਅਤੇ ਉਨ੍ਹਾਂ ਦਾ 2 ਸਾਲ ਤੋਂ ਘਟ ਉਮਰ ਦਾ ਬੱਚਾ ਪਾਜ਼ੇਟਿਵ ਆਏ ਸਨ। ਕ੍ਰਾਈਸਟਚਰਚ ਦੇ ਦੋ ਮਾਮਲਿਆਂ ਦੇ ਕਿਸੇ ਵੀ ਸੰਭਾਵਤ ਸੰਪਰਕ ਦੀ ਪਛਾਣ ਕੀਤੀ ਜਾ ਰਹੀ ਹੈ।