ਕੋਰੋਨਾ ਮਹਾਂਮਾਰੀ ਦੇ ਮਾਮਲੇ ਵਧਣ ’ਤੇ ਵੱਖ-ਵੱਖ ਦੇਸ਼ਾਂ ਨੇ ਵਧਾਈ ਸਾਵਧਾਨੀ
ਅਮਰੀਕਾ ਸਮੇਤ ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਖ਼ਤਰਨਾਕ ਰੂਪ ਵਿਚ ਵਧਣ ‘ਤੇ ਸਰਕਾਰਾਂ ਅਤੇ ਉਦਯੋਗਾਂ ਨੇ ਸਾਵਧਾਨੀ
ਬੈਂਕਾਕ, 25 ਜੂਨ : ਅਮਰੀਕਾ ਸਮੇਤ ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਖ਼ਤਰਨਾਕ ਰੂਪ ਵਿਚ ਵਧਣ ‘ਤੇ ਸਰਕਾਰਾਂ ਅਤੇ ਉਦਯੋਗਾਂ ਨੇ ਸਾਵਧਾਨੀ ਵਧਾ ਦਿਤੀ ਹੈ। ਇਡੋਨੇਸ਼ੀਆ ਵਿਚ ਵੀਰਵਾਰ ਨੂੰ ਕੋਰੋਨਾ ਦੇ ਮਾਮਲੇ 50,000 ਤੋਂ ਪਾਰ ਜਾਣ ਦਾ ਖਦਸ਼ਾ ਹੈ। ਮੈਲਬੌਰਨ ਵਿਚ ਸਿਹਤ ਕਰਮੀ ਕੋਰਨਾ ਵਾਇਰਸ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਤ ਖੇਤਰ ਭਾਵ ਹਾਟਸਪਾਟ ਵਿਚ 1,00,000 ਤੋਂ ਜ਼ਿਆਦਾ ਨਿਵਾਸੀਆਂ ਦੀ ਘਰ ਘਰ ਜਾ ਕੇ ਜਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਆਲਮੀ ਮਹਾਂਮਾਰੀ ਕਾਰਨ ਦੁਨੀਆਂ ਭਰ ਦੇ ਵਿੱਤੀ ਬਾਜ਼ਾਰਾਂ ਨੂੰ ਝਟਕਾ ਲੱਗਾ ਹੈ ਜਿਸ ਨਾਲ ਦੁਨੀਆਂ ਦੇ ਸੱਭ ਤੋਂ ਖ਼ਰਾਬ ਆਲਮੀ ਮੰਦੀ ਦੇ ਦੌਰ ਵਿਚ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ।
ਕੁਝ ਸਰਕਾਰਾਂ ਲਾਗ ਨੂੰ ਫੈਲਣ ਤੋਂ ਰੋਕਣ ਲਈ ਹੋਰ ਸਖ਼ਤ ਕਦਮ ਚੁੱਕਣ ’ਤੇ ਵਿਚਾਰ ਕਰ ਰਹੀਆਂ ਹਨ। ਹਾਲਾਂਕਿ ਕੁਝ ਹੋਰ ਸਥਾਨਾਂ ’ਤੇ ਅਜਿਹੇ ਕਦਮਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਦੁਬਈ ਵਿਚ ਮਹੀਨਿਆਂ ਤੋਂ ਲਗਿਆ ਰਾਤ ਦਾ ਕਰਫ਼ਿਊ ਹਟਾ ਦਿਤਾ ਗਿਆ ਹੈ। ਸ਼ਹਿਰ ਦੀ ਸਰਕਾਰੀ ਮੀਡੀਆ ਨੇ ਟਵੀਟ ਕੀਤਾ, ਜਦੋਂ ਤਕ ਲੋਕ ਮਾਸਕ ਪਹਿਨਣਗੇ ਅਤੇ ਸਮਾਜਕ ਦੂਰੀ ਦੇ ਨਿਯਮ ਦਾ ਪਾਲਣ ਕਰਨਗੇ ਉਦੋਂ ਤਕ ਦਿਨ ਅਤੇ ਰਾਤ ਆਵਾਜ਼ਾਈ ਜਾਰੀ ਰਹੇਗੀ। ਯੂਰਪੀ ਦੇਸ਼ ਇਕ ਜੁਲਾਈ ਤੋਂ ਅਪਣੀਆਂ ਸਾਂਝੀਆਂ ਸਰਹੱਦਾਂ ਫਿਰ ਖੋਲ੍ਹਣ ਦੀ ਤਿਆਰੀ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਯੂਰਪੀ ਸੰਘ ਦੇ ਨੁਮਾਇੰਦਿਆਂ ਨੇ ਯੂਰਪ ਦੇ ਬਾਹਰ ਸੈਲਾਨੀਆਂ ’ਤੇ ਪਾਬੰਦੀਆਂ ਹਟਾਉਣ ਲਈ ਨਿਯਮ ਤੈਅ ਕਰਨ ’ਤੇ ਚਰਚਾ ਕੀਤੀ।
ਅਮਰੀਕਾ ਸਥਿਤ ਜਾਨਸ ਹਾਪਕਿਨਸ ਯੂਨੀਵਰਸਿਟੀ ਅਨੁਸਾਰ ਦੇਸ਼ ਵਿਚ ਮੰਗਲਵਾਰ ਨੂੰ ਕੋਵਿਡ-19 ਦੇ 34,700 ਮਾਮਲੇ ਆਏ। ਦੁਨੀਆਂ ਭਰ ਵਿਚ 94 ਲੱਖ ਤੋਂ ਜ਼ਿਆਦਾ ਲੋਕ ਲਾਗ ਨਾਲ ਪੀੜਤ ਹਨ ਅਤੇ ਕਰੀਬ 5,00,000 ਲੋਕਾਂ ਦੀ ਮੌਤ ਹੋ ਚੁਕੀ ਹੈ। ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਪ੍ਰਮੁਖ ਡਾ. ਮਾਈਕਲ ਰਿਆਨ ਨੇ ਕਿਹਾ ਕਿ ਦੇਸ਼ ਕੋਰੋਨਾ ਮਹਾਂਮਾਰੀ ਦੇ ਸਿਖਰ ’ਤੇ ਪਹੁੰਚਣਗੇ, ਇਹ ਇਸ ਗਲ ’ਤੇ ਨਿਰਭਰ ਕਰੇਗਾ ਕਿ ਲੋਕ ਕੀ ਕਰਦੇ ਹਨ। (ਪੀਟੀਆਈ)