ਅਮਰੀਕਾ ’ਚ ਪੰਜਾਬੀ ਜੋੜੀ ਪੁਜੀ ਜੇਲ, ਚਚੇਰੇ ਭਰਾ ਤੋਂ ਪੈਟਰੋਲ ਪੰਪ ’ਤੇ ਕਰਵਾਇਆ ਸੀ ਜਬਰੀ ਕੰਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੀੜਤ ਨੂੰ ਮਿਲੇਗਾ 1.87 ਕਰੋੜ ਰੁਪਏ ਮੁਆਵਜ਼ਾ

ਕੁਲਬੀਰ ਕੌਰ ਅਤੇ ਹਰਮਨਪ੍ਰੀਤ ਸਿੰਘ

ਵਾਸ਼ਿੰਗਟਨ ਡੀਸੀ: ਅਮਰੀਕਾ ’ਚ ਇਕ ਪੰਜਾਬੀ ਜੋੜੀ ਨੂੰ ਸਿਰਫ਼ ਇਸ ਲਈ ਜੇਲ ਜਾਣਾ ਪਿਆ ਕਿਉਂਕਿ ਉਨ੍ਹਾਂ ਨੇ ਅਪਣੇ ਚਚੇਰੇ ਭਰਾ ਤੋਂ ਤਿੰਨ ਸਾਲਾਂ ਤਕ ਇਕ ਪੈਟਰੋਲ ਪੰਪ ਤੇ ਇਕ ਕਨਵੀਨੀਅੰਸ ਸਟੋਰ ’ਤੇ ਜਬਰੀ ਕੰਮ ਕਰਵਾਇਆ ਸੀ। ਉਸ ਨੂੰ ਸਕੂਲ ’ਚ ਦਾਖ਼ਲ ਕਰਵਾਉਣ ਦਾ ਲਾਰਾ ਵੀ ਲਾਇਆ ਗਿਆ ਸੀ।

31 ਸਾਲਾ ਹਰਮਨਪ੍ਰੀਤ ਸਿੰਘ ਨੂੰ ਅਦਾਲਤ ਨੇ ਸਵਾ 11 ਸਾਲ ਅਤੇ ਉਸ ਦੀ 43 ਸਾਲਾ ਪਤਨੀ ਕੁਲਬੀਰ ਕੌਰ ਨੂੰ ਸਵਾ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਹਰਮਨਪ੍ਰੀਤ ਸਿੰਘ ਨੂੰ ਅਪਣੇ ਚਚੇਰੇ ਭਰਾ ਨੂੰ 1.87 ਕਰੋੜ ਰੁਪਏ ਦਾ ਹਰਜਾਨਾ ਵੀ ਅਦਾ ਕਰਨਾ ਹੋਵੇਗਾ। ਜੇਲ ’ਚ ਜਾਣ ਤੋਂ ਬਾਅਦ ਇਸ ਜੋੜੀ ਦਾ ਤਲਾਕ ਵੀ ਹੋ ਗਿਆ ਹੈ।

ਸਰਕਾਰੀ ਵਕੀਲ ਦੇ ਸਹਾਇਕ ਕ੍ਰਿਸਟਨ ਕਲਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਪੰਜਾਬੀ ਜੋੜੀ ਨੇ ਪਹਿਲਾਂ ਪੀੜਤ ਨੂੰ ਇਹ ਲਾਲਚ ਦੇ ਕੇ ਅਮਰੀਕਾ ਸੱਦਿਆ ਕਿ ਉਸ ਨੂੰ ਸਕੂਲ ’ਚ ਦਾਖ਼ਲ ਕਰਵਾਇਆ ਜਾਵੇਗਾ ਪਰ ਉਸ ਦੀ ਥਾਂ ਪਹਿਲਾਂ ਉਨ੍ਹਾਂ ਨੇ ਪੀੜਤ ਦੇ ਸਾਰੇ ਇਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕਰ ਲਏ ਤੇ ਫਿਰ ਉਸ ਨੂੰ ਧਮਕੀਆਂ ਦਿਤੀਆਂ। ਉਸ ’ਤੇ ਸਰੀਰਕ ਤੇ ਮਾਨਸਿਕ ਤੌਰ ’ਤੇ ਤਸ਼ੱਦਦ ਢਾਹਿਆ। ਫਿਰ ਉਸ ਨੂੰ ਮਾਮੂਲੀ ਤਨਖ਼ਾਹ ’ਤੇ ਰੋਜ਼ਾਨਾ ਵੱਧ ਤੋਂ ਵੱਧ ਘੰਟੇ ਕੰਮ ਕਰਨ ਲਈ ਮਜਬੂਰ ਕੀਤਾ। ਇਸ ਦੇ ਨਾਲ ਹੀ ਉਸ ਨੂੰ ਮੁਢਲੀਆਂ ਮਨੁਖੀ ਜ਼ਰੂਰਤਾਂ ਤੋਂ ਵੀ ਵਾਂਝੇ ਰਖਿਆ। ਕਈ ਵਾਰ ਬੀਮਾਰ ਪੈਣ ’ਤੇ ਉਸ ਦਾ ਇਲਾਜ ਵੀ ਨਹੀਂ ਕਰਵਾਇਆ।