ਯੂਕੇ ’ਚ ਗੋਰੇ ਇੰਜੀਨੀਅਰ ਦੀ ਝੂਠੀ ਗਵਾਹੀ ਕਾਰਣ ਜੇਲ ਜਾਣਾ ਪਿਆ ਸੀ ਡਾਕਘਰ ਦੀ ਗਰਭਵਤੀ ਭਾਰਤੀ ਮੈਨੇਜਰ ਨੂੰ
ਪੀੜਤ ਨੇ ਗੋਰੇ ਦੀ ਮਾਫ਼ੀ ਕੀਤੀ ਮੁਢੋਂ ਰੱਦ
ਸਰੀ (ਇੰਗਲੈਂਡ): ਇੰਗਲੈਂਡ ’ਚ ਵੈਸਟ ਬਾਇਫ਼ਲੀਟ ਦੇ ਸਰੀ ਵਿਖੇ ਇਕ ਡਾਕਘਰ ਦੀ ਸਾਬਕਾ ਮੈਨੇਜਰ ਸੀਮਾ ਮਿਸ਼ਰਾ (47) ਨੇ ਉਸ ਗੋਰੇ ਇੰਜੀਨੀਅਰ ਦੀ ਮਾਫ਼ੀ ਨੂੰ ਮੁਢੋਂ ਰੱਦ ਕਰ ਦਿਤਾ ਹੈ, ਜਿਸ ਦੀ ਝੂਠੀ ਗਵਾਹੀ ਕਾਰਣ ਉਨ੍ਹਾਂ ਨੂੰ ਜੇਲ ਜਾਣਾ ਪਿਆ ਸੀ। ਜੇਲ ਜਾਣ ਸਮੇਂ ਸੀਮਾ ਮਿਸ਼ਰਾ ਗਰਭਵਤੀ ਵੀ ਸਨ। ਜਿਸ ਦਿਨ ਉਨ੍ਹਾਂ ਨੂੰ ਜੇਲ ਭੇਜਿਆ ਗਿਆ ਸੀ, ਤਦ ਉਨ੍ਹਾਂ ਦੇ ਪਹਿਲੇ ਬੱਚੇ ਦਾ ਜਨਮ ਦਿਨ ਵੀ ਸੀ।
47 ਸਾਲਾ ਸੀਮਾ ਮਿਸ਼ਰਾ ਨੇ ਕਿਹਾ ਕਿ ਫ਼ੁਜਿਤਸੂ ਦੇ ਸਾਬਕਾ ਇੰਜੀਨੀਅਰ ਗੈਰੇਥ ਜੈਨਕਿਨਜ਼ ਵਲੋਂ ਮੰਗੀ ਗਈ ਮਾਫ਼ੀ ‘ਬਹੁਤ ਥੋੜ੍ਹੀ ਹੈ ਤੇ ਬਹੁਤ ਦੇਰੀ ਨਾਲ ਮੰਗੀ ਗਈ ਹੈ।’
ਤਦ ਗੈਰੇਥ ਦੀ ਝੂਠੀ ਗਵਾਹੀ ਸਦਕਾ ਸੀਮਾ ਮਿਸ਼ਰਾ ਉਤੇ ਡਾਕਘਰ ਦੀ ਅਪਣੀ ਸ਼ਾਖਾ ’ਚੋਂ 70,000 ਪੌਂਡ ਚੋਰੀ ਕਰਨ ਦਾ ਦੋਸ਼ ਲੱਗਾ ਸੀ ਤੇ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਵੀ ਕਰਾਰ ਦੇ ਦਿਤਾ ਸੀ। ਪਰ ਅਪ੍ਰੈਲ 2021 ’ਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿਤੇ ਜਾਣ ਦਾ ਹੁਕਮ ਰੱਦ ਵੀ ਕਰ ਦਿਤਾ ਗਿਆ ਸੀ। ਉਦੋਂ ਖ਼ਰਾਬੀ ਅਸਲ ’ਚ ਆਈਟੀ ਸਿਸਟਮ ਦੀ ਸੀ,, ਜਿਸ ਕਾਰਣ 700 ਸਬ-ਪੋਸਟ ਮਾਸਟਰਾਂ ਉਤੇ ਵਿੱਤੀ ਗ਼ਬਨ ਤੇ ਹੋਰ ਬੇਨਿਯਮੀਆਂ ਦੇ ਦੋਸ਼ ਲੱਗੇ ਸਨ। ਉਨ੍ਹਾਂ ਸਾਰਿਆਂ ਨੂੰ ਅਦਾਲਤੀ ਕੇਸਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਕੈਂਡਲ ਸਦਕਾ ਕਈ ਜ਼ਿੰਦਗੀਆਂ ਬਰਬਾਦ ਹੋ ਗਈਆਂ ਸਨ, ਕਾਰੋਬਾਰ ਤਬਾਹ ਹੋ ਗਏ ਸਨ ਤੇ ਮੁਆਵਜ਼ੇ ਦੀਆਂ ਰਕਮਾਂ ਨੂੰ ਉਡੀਕਦੇ ਬਹੁਤ ਸਾਰੇ ਲੋਕ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਤਕ ਆਖ ਗਏ ਸਨ।
ਤਦ ਸੀਮਾ ਮਿਸ਼ਰਾ ਦੇ ਦੂਜਾ ਬੱਚਾ ਹੋਣ ਵਾਲਾ ਸੀ ਤੇ ਉਨ੍ਹਾਂ ਨੂੰ ਸਾਢੇ ਚਾਰ ਮਹੀਨੇ ਜੇਲ ’ਚ ਬਿਤਾਉਣੇ ਪਏ ਸਨ। ਉਨ੍ਹਾਂ ਦੇ ਬੱਚੇ ਦਾ ਜਨਮ ਜਦੋਂ ਹੋਇਆ ਸੀ, ਤਦ ਵੀ ਉਨ੍ਹਾਂ ਦੇ ਇਲੈਕਟ੍ਰੌਨਿਕ ਟੈਗ ਬੱਝਾ ਹੋਇਆ ਸੀ।
ਹੁਣ ਗੈਰੇਥ ਜੈਨਕਿਨਜ਼ ਉਤੇ ਝੂਠੀਆਂ ਗਵਾਹੀਆਂ ਦੇਣ ਦਾ ਕੇਸ ਚਲਾਇਆ ਜਾ ਸਕਦਾ ਹੈ ਕਿਉਂਕਿ ਉਸ ਨੇ ਕਈਆਂ ਖ਼ਿਲਾਫ਼ ਅਜਿਹੀਆਂ ਗਵਾਹੀਆਂ ਦਿਤੀਆਂ ਸਨ।
ਹੁਣ ਸੀਮਾ ਮਿਸ਼ਰਾ ਨੇ ਆਖਿਆ ਹੈ ਕਿ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ 10 ਸਾਲਾ ਪੁਤਰ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ, ਜਿਹੜਾ ਜਨਮ ਦਿਨ ਮੌਕੇ ਅਪਣੀ ਮਾਂ ਖੁਣੋਂ ਉਚੀ-ਉਚੀ ਰੋ ਰਿਹਾ ਸੀ।