ਗਰਭਵਤੀ ਔਰਤਾਂ ਨੂੰ ਖੁਆਈ ਵਿਆਗਰਾ, 11 ਬੱਚਿਆਂ ਦੀ ਮੌਤ
ਨੀਦਰਲੈਂਡ 'ਚ ਗਰਭਵਤੀ ਔਰਤਾਂ ਨੂੰ ਮੈਡੀਕਲ ਜਾਂਚ ਦੌਰਾਨ ਵਿਆਗਰਾ ਦਵਾਈ ਦਿਤੀ ਗਈ ਸੀ। 17 ਬੱਚਿਆਂ ਦੇ ਫੇਫੜਿਆਂ 'ਚ ਹਾਈ ਬਲੱਡ ਪ੍ਰੈਸ਼ਰ ਅਤੇ ਆਕਸੀਜਨ ਦੀ ਕਮੀ...........
ਐਮਰਸਟਰਡਮ : ਨੀਦਰਲੈਂਡ 'ਚ ਗਰਭਵਤੀ ਔਰਤਾਂ ਨੂੰ ਮੈਡੀਕਲ ਜਾਂਚ ਦੌਰਾਨ ਵਿਆਗਰਾ ਦਵਾਈ ਦਿਤੀ ਗਈ ਸੀ। 17 ਬੱਚਿਆਂ ਦੇ ਫੇਫੜਿਆਂ 'ਚ ਹਾਈ ਬਲੱਡ ਪ੍ਰੈਸ਼ਰ ਅਤੇ ਆਕਸੀਜਨ ਦੀ ਕਮੀ ਪਾਈ ਗਈ ਸੀ। ਇਸੇ ਕਾਰਨ 11 ਬੱਚਿਆਂ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਦੇਸ਼ ਦੇ 10 ਹਸਪਤਾਲਾਂ 'ਚ ਕੁਲ 93 ਔਰਤਾਂ ਨੂੰ ਵਿਆਗਰਾ ਦਿਤੀ ਗਈ ਸੀ। ਡਾਕਟਰਾਂ ਨੇ ਦਸਿਆ ਕਿ ਉਨ੍ਹਾਂ ਦੇ ਗਰਭ 'ਚ ਪਲ ਰਹੇ ਬੱਚਿਆਂ ਦੇ ਸਰੀਰਕ ਵਿਕਾਸ ਲਈ ਦਵਾਈ ਦਿਤੀ ਜਾਣੀ ਠੀਕ ਰਹੇਗੀ। ਉਧਰ 10-15 ਹੋਰ ਔਰਤਾਂ ਦੇ ਗਰਭ 'ਚ ਪਲ ਰਹੇ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਨਿਗਰਾਨੀ 'ਚ ਰਖਿਆ ਗਿਆ ਹੈ।
ਵਿਆਗਰਾ ਦੇਣ ਦਾ ਟ੍ਰਾਇਲ ਵੀ ਬੰਦ ਕਰ ਦਿਤਾ ਗਿਆ ਹੈ। ਇਹ ਸ਼ੋਧ ਉਨ੍ਹਾਂ ਔਰਤਾਂ 'ਤੇ ਕੀਤਾ ਜਾ ਰਿਹਾ ਸੀ, ਜਿਨ੍ਹਾਂ ਵਿਚ ਪੇਟ ਵਿਚ ਪਲ ਰਹੇ ਬੱਚੇ ਦੀ ਗਰਭਨਾਲ ਕਮਜ਼ੋਰ ਸੀ। ਨਤੀਜੇ ਵੇਖ ਕੇ ਮਾਹਰਾਂ ਨੂੰ ਇੰਝ ਲੱਗਦਾ ਹੈ ਜਿਵੇਂ ਸਰੀਰ ਵਿਚ ਖ਼ੂਨ ਦੀ ਗਤੀ ਵਧਾ ਦੇਣ ਵਾਲੀ ਇਸ ਦਵਾਈ ਨਾਲ ਬੱਚਿਆਂ ਦੇ ਫੇਫੜਿਆਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਵਿਚ ਜੋ ਹੋਇਆ ਹੈ ਉਸ ਨੂੰ ਸਮਝਣ ਲਈ ਇਸ ਦੀ ਵਿਸਥਾਰ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ। ਇਸ ਤੋਂ ਪਹਿਲਾਂ ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਕੀਤੇ ਗਏ ਇਸ ਤਰ੍ਹਾਂ ਦੇ ਸ਼ੋਧ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਸਾਹਮਣੇ ਨਹੀਂ ਆਏ ਸਨ,
ਪਰ ਕਿਸੇ ਫ਼ਾਇਦੇ ਦਾ ਵੀ ਪਤਾ ਨਹੀਂ ਲੱਗ ਸਕਿਆ ਸੀ। ਕਮਜ਼ੋਰ ਗਰਭਨਾਲ ਕਾਰਨ ਭਰੂਣ ਦਾ ਵਿਕਾਸ ਰੁੱਕ ਜਾਣਾ ਇਕ ਗੰਭੀਰ ਸਮੱਸਿਆ ਹੈ, ਜਿਸ ਦਾ ਹਾਲੇ ਕੋਈ ਇਲਾਜ ਵਿਕਸਿਤ ਨਹੀਂ ਕੀਤਾ ਜਾ ਸਕਿਆ ਹੈ। ਇਸ ਕਾਰਨ ਬੱਚੇ ਸਮੇਂ ਤੋਂ ਪਹਿਲਾਂ ਜਨਮ ਲੈਂਦੇ ਹਨ ਅਤੇ ਕਮਜ਼ੋਰ ਹੋਣ ਕਾਰਨ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ। ਸ਼ੋਧ ਦੇ ਦੌਰਾਨ ਕੁੱਲ 93 ਔਰਤਾਂ ਨੂੰ ਵੀਆਗਰਾ ਦਿਤੀ ਗਈ ਸੀ। (ਏਜੰਸੀ)