ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਵਿਚ ਸਹਾਇਕ 21 ਦਵਾਈਆਂ ਦੀ ਹੋਈ ਪਛਾਣ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਗਿਆਨੀਆਂ ਦੀ ਇਕ ਗਲੋਬਲ ਟੀਮ ਨੇ ਉਹਨਾਂ 21 ਦਵਾਈਆਂ ਦੀ ਪਛਾਣ ਕੀਤੀ ਹੈ ਜੋ ਕਿ ਕੋਵਿਡ-19 ਨੂੰ ਪੈਦਾ ਕਰਨ ਵਾਲੇ SARS-CoV-2 ਦੇ ਪ੍ਰਭਾਵ ਨੂੰ ਰੋਕ ਸਕਦੀਆਂ ਹਨ।

Corona vaccine

ਨਿਊਯਾਰਕ: ਵਿਗਿਆਨੀਆਂ ਦੀ ਇਕ ਗਲੋਬਲ ਟੀਮ ਨੇ ਉਹਨਾਂ 21 ਦਵਾਈਆਂ ਦੀ ਪਛਾਣ ਕੀਤੀ ਹੈ ਜੋ ਕਿ ਕੋਵਿਡ-19 ਨੂੰ ਪੈਦਾ ਕਰਨ ਵਾਲੇ SARS-CoV-2 ਦੇ ਪ੍ਰਭਾਵ ਨੂੰ ਰੋਕ ਸਕਦੀਆਂ ਹਨ।ਵਿਗਿਆਨੀਆਂ ਨੇ ਅਜਿਹੀਆਂ ਪ੍ਰਚੱਲਿਤ ਦਵਾਈਆਂ ਦੀ ਪਛਾਣ ਕੀਤੀ ਹੈ ਜੋ ਪ੍ਰਯੋਗਸ਼ਾਲਾ ਵਿਚ ਅਧਿਐਨਾਂ ਦੌਰਾਨ ਕੋਰੋਨਾ ਵਾਇਰਸ ਨੂੰ ਵਿਕਸਿਤ ਹੋਣ ਤੋਂ ਰੋਕਣਗੀਆਂ।

ਇਹਨਾਂ ਵਿਗਿਆਨੀਆਂ ਵਿਚ ਭਾਰਤੀ ਮੂਲ ਦੇ ਵਿਗਿਆਨੀ ਵੀ ਸ਼ਾਮਲ ਹਨ। ਅਮਰੀਕਾ ਵਿਚ ਸੈਨਫੋਰਡ ਬਰਨਹੈਮ ਪ੍ਰੀਬਿਸ ਮੈਡੀਕਲ ਡਿਸਕਵਰੀ ਇੰਸਟੀਚਿਊਟ ਦੇ ਖੋਜਕਰਤਾਵਾਂ ਨੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੀ ਸਮਰੱਥਾ ਲਈ ਦੁਨੀਆਂ ਭਰ ਵਿਚ ਪ੍ਰਚੱਲਿਤ ਦਵਾਈਆਂ ਦੇ ਸਭ ਤੋਂ ਵੱਗੇ ਸੰਗ੍ਰਹਿ ਵਿਚੋਂ ਇਕ ਦਾ ਵਿਸ਼ਲੇਸ਼ਣ ਕੀਤਾ ਅਤੇ ਪ੍ਰਯੋਗਸ਼ਾਲਾ ਪਰੀਖਣਾਂ ਵਿਚ ਐਂਟੀਵਾਇਰਲ ਕਿਰਿਆ ਦੇ ਨਾਲ 100 ਮੋਲੀਕਿਊਲ ਪਾਏ ਗਏ।

ਜਰਨਲ ਨੇਚਰ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਇਹਨਾਂ ਵਿਚੋਂ 21 ਦਵਾਈਆਂ ਵਾਇਰਸ ਦੇ ਵਾਪਸ ਪੈਦਾ ਹੋਣ ਦੀ ਸੰਭਾਵਨਾ ਨੂੰ ਰੋਕਣ ਲਈ ਕਾਰਗਰ ਹਨ, ਜੋ ਮਰੀਜ਼ਾਂ ਲਈ ਸੁਰੱਖਿਅਤ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹਨਾਂ ਵਿਚ ਚਾਰ ਮਿਸ਼ਰਿਤ ਕੋਵਿਡ-19 ਲਈ ਮੌਜੂਦਾ ਦਵਾਈ ਰੇਮੇਡਸਿਵਿਰ ਦੇ ਨਾਲ ਮਿਲ ਕੇ ਕੰਮ ਕਰ ਸਕਦੇ ਹਨ।

ਬਰਨਹੈਮ ਪ੍ਰੀਬਿਸ ਇਮਿਊਨਿਟੀ ਐਂਡ ਪੈਥੋਜੇਨੇਸਿਸ ਪ੍ਰੋਗਰਾਮ ਦੇ ਨਿਰਦੇਸ਼ਕ ਅਤੇ ਅਧਿਐਨ ਦੇ ਸੀਨੀਅਰ ਲੇਖਕ ਸੁਮਿਤ ਚੰਦਾ ਨੇ ਕਿਹਾ, ‘ਰੇਮੇਡਸਿਵਿਰ ਹਸਪਤਾਲ ਵਿਚ ਮਰੀਜਾਂ ਲਈ ਤੰਦਰੁਸਤ ਹੋਣ ਦੇ ਸਮੇਂ ਨੂੰ ਘੱਟ ਕਰਨ ਵਿਚ ਸਫਲ ਸਾਬਿਤ ਹੋਈ ਹੈ ਪਰ ਇਹ ਦਵਾਈ ਹਰ ਕਿਸੇ ਲਈ ਕਾਰਗਰ ਨਹੀਂ ਹੈ’। ਉਹਨਾਂ ਕਿਹਾ, ਸਸਤੀਆਂ, ਪ੍ਰਭਾਵਸ਼ਾਲੀ ਅਤੇ ਅਸਾਨੀ ਨਾਲ ਉਪਲਬਧ  ਹੋਣ ਵਾਲੀਆਂ ਦਵਾਈਆਂ ਨੂੰ ਖੋਜਣ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ ਜੋ ਰੇਮੇਡਸਿਵਿਰ ਦੀ ਵਰਤੋਂ ਲਈ ਪੂਰਕ ਹੋ ਸਕਦੀ ਹੈ।

ਵਿਗਿਆਨੀਆਂ ਨੇ ਪਾਇਆ ਹੈ ਕਿ ਇਹਨਾਂ ਵਿਚੋਂ 21 ਦਵਾਈਆਂ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਖਤਮ ਕਰ ਸਕਦੀਆਂ ਹਨ। ਵਿਗਿਆਨੀਆਂ ਨੇ ਕਿਹਾ ਕਿ ਦੋ ਦਵਾਈਆਂ ਨੂੰ ਪਹਿਲਾਂ ਤੋਂ ਹੀ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਮਨਜ਼ੂਰੀ ਮਿਲੀ ਹੋਈ ਹੈ।