ਅਮਰੀਕਾ : ਭਿਆਨਕ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਮੌਤ 

ਏਜੰਸੀ

ਖ਼ਬਰਾਂ, ਕੌਮਾਂਤਰੀ

ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ ਤੇਜ਼ ਰਫ਼ਤਾਰ ਗੱਡੀ, ਦੋ ਹੋਰ ਦੋਸਤਾਂ ਦੀ ਵੀ ਗਈ ਜਾਨ 

America: Parents' only son died in a terrible road accident

ਨਿਊਜਰਸੀ : ਵਿਦੇਸ਼ਾਂ ਵਿਚ ਜਾ ਵੱਸੇ ਪੰਜਾਬੀ ਆਪਣੀ ਮਿਹਨਤ ਅਤੇ ਹਾਸਲ ਕੀਤੇ ਉੱਚ ਰੁਤਬਿਆਂ ਨਾਲ ਭਾਵੇਂ ਕਿ ਪੰਜਾਬੀਆਂ ਲਈ ਖੁਸ਼ੀ ਦਾ ਬਾਇਸ ਹਨ ਪਰ ਕਈ ਵਾਰ ਅਜਿਹੀਆਂ ਖ਼ਬਰਾਂ ਵੀ ਆਉਂਦੀਆਂ ਹਨ ਜੋ ਅਤਿ ਦੁਖਦਾਈ ਹੁੰਦੀਆਂ ਹਨ। ਐਸੀ ਹੀ ਖ਼ਬਰ ਅਮਰੀਕਾ ਤੋਂ ਆਈ ਹੈ ਜਿਸ ਨੇ ਨਾ ਸਿਰਫ ਪਰਿਵਾਰ ਸਗੋਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਚਲਾ ਦਿਤੀ ਹੈ।

ਜਾਣਕਾਰੀ ਅਨੁਸਾਰ ਅਮਰੀਕਾ ਦੇ ਨਿਊਜਰਸੀ ਵਿਚ ਵਾਪਰੇ ਸੜਕ ਹਾਦਸੇ ਵਿਚ ਤਿੰਨ ਨੌਜਵਾਨ ਖਿਡਾਰੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ ਇੱਕ ਪੁਨੀਤ ਨਿੱਝਰ ਜਲੰਧਰ ਦੇ ਪਿੰਡ ਨਿੱਝਰਾਂ ਨਾਲ ਸਬੰਧ ਰੱਖਦਾ ਸੀ। ਨੌਜਵਾਨ ਦੀ ਉਮਰ ਮਹਿਜ਼ 22 ਸਾਲ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਤਿੰਨੇ ਨੌਜਵਾਨ ਬਾਸਕਿਟਬਾਲ ਦੇ ਖਿਡਾਰੀ ਸਨ ਅਤੇ ਨਿਊਜਰਸੀ ਇਲਾਕੇ ਵਿਚ ਟੂਰਨਾਮੈਂਟ ਖੇਡਣ ਲਈ ਜਾ ਰਹੇ ਸਨ।

ਰਸਤੇ ਵਿਚ ਜਾਂਦੇ ਸਮੇਂ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਬੇਕਾਬੂ ਹੋ ਗਈ ਅਤੇ ਇੱਕ ਦਰੱਖਤ ਨਾਲ ਜਾ ਟਕਰਾਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਨੂੰ ਅੱਗ ਲੱਗ ਗਈ ਅਤੇ ਤਿੰਨੇ ਨੌਜਵਾਨ ਜਿਉਂਦੇ ਹੀ ਸੜ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਨਾਰਦਨ ਸਟੇਟ ਪਾਰਕਵੇਅ ਐਗਜ਼ਿਟ 30 ਦੇ ਨੇੜੇ ਵਾਪਰਿਆ। ਦੱਸ ਦੇਈਏ ਕਿ ਮ੍ਰਿਤਕ ਪੁਨੀਤ ਕਰੀਬ 6 ਫੁੱਟ ਕੱਦ ਦਾ ਮਾਲਕ ਸੀ ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਨੌਜਵਾਨਾਂ ਪੁੱਤਰ ਦੀ ਮੌਤ ਦੀ ਖ਼ਬਰ ਸੁਨ ਕੇ ਪਰਿਵਾਰਾਂ ਅਤੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਸ਼ਾਅ ਗਈ ਹੈ।