ਰੂਸ ਦੇ ਸ਼ਹਿਰ ਇਜ਼ੇਵਸਕ ਦੇ ਇਕ ਸਕੂਲ ਵਿਚ ਸੋਮਵਾਰ ਨੂੰ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਦੇਸ਼ ਦੇ ਗ੍ਰਹਿ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਰੂਸੀ ਸਮਾਚਾਰ ਏਜੰਸੀ ਮੁਤਾਬਕ ਇਕ ਬੰਦੂਕਧਾਰੀ ਨੇ ਸਕੂਲ ਵਿਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਫਿਰ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਲਈ।
ਮਰਨ ਵਾਲਿਆਂ ਵਿੱਚ ਸਕੂਲੀ ਬੱਚੇ ਅਤੇ ਸੁਰੱਖਿਆ ਗਾਰਡ ਵੀ ਸ਼ਾਮਲ ਦੱਸੇ ਜਾਂਦੇ ਹਨ। ਇਸ ਤੋਂ ਬਾਅਦ ਬਚਾਅ ਟੀਮ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ।
ਉਦਮੁਰਤੀਆ ਖੇਤਰ ਦੇ ਗਵਰਨਰ ਅਲੈਗਜ਼ੈਂਡਰ ਬ੍ਰੇਕਲਾਵ ਨੇ ਕਿਹਾ ਕਿ ਇੱਕ ਅਣਪਛਾਤਾ ਵਿਅਕਤੀ ਪੁਸ਼ਕਿੰਸਕਾਇਆ ਸਟਰੀਟ 'ਤੇ ਸਕੂਲ ਵਿੱਚ ਦਾਖਲ ਹੋਇਆ ਅਤੇ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਦਿੱਤੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਬੱਚੇ ਕਲਾਸ ਰੂਮਾਂ ਵਿੱਚ ਲੁਕ ਗਏ। ਇਹ ਗੋਲੀਬਾਰੀ ਉਦੋਂ ਸ਼ੁਰੂ ਹੋਈ ਜਦੋਂ ਸਕੂਲ ਵਿੱਚ ਕਲਾਸਾਂ ਚੱਲ ਰਹੀਆਂ ਸਨ। ਰਿਪੋਰਟਾਂ ਮੁਤਾਬਕ ਹਮਲਾਵਰ ਨੇ ਸਕੂਲ ਦੀ ਚੌਥੀ ਮੰਜ਼ਿਲ ਦੇ ਕਮਰੇ ਨੰਬਰ 403 ਵਿੱਚ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ।