ਸਿੱਖਸ ਆਫ਼ ਅਮਰੀਕਾ ਦੇ ਵਫ਼ਦ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਕੀਤੀ ਮੁਲਾਕਾਤ, PM ਮੋਦੀ ਨੂੰ  ਸੌਂਪਿਆ ਪੱਤਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਫ਼ਦ ਨੇ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਪੱਤਰ ਸੌਂਪਿਆ।

The delegation of Sikhs of America Foreign Minister S. Meeting with Jaishankar, letter handed over to PM Modi

 

ਵਾਸ਼ਿੰਗਟਨ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਮਰੀਕਾ ਦੌਰੇ ’ਤੇ ਹਨ। ਬੀਤੇ ਦਿਨ ਵਾਸ਼ਿੰਗਟਨ ਡੀ.ਸੀ. ਵਿਖੇ ਸਿੱਖਸ ਆਫ ਅਮਰੀਕਾ ਦਾ ਇਕ ਵਫ਼ਦ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਮਿਲਿਆ। ਇਸ ਵਫ਼ਦ ਵਿਚ ਚੇਅਰਮੈਨ ਜਸਦੀਪ ਸਿੰਘ ਜੱਸੀ, ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਮੀਤ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ, ਗੁਰਵਿੰਦਰ ਸਿੰਘ ਸੇਠੀ, ਰਤਨ ਸਿੰਘ, ਵਰਿੰਦਰ ਸਿੰਘ, ਸੁਖਪਾਲ ਸਿੰਘ ਧਨੋਆ, ਚੱਤਰ  ਸਿੰਘ ਸੈਣੀ, ਡਾ. ਦਰਸ਼ਨ ਸਿੰਘ ਸਲੂਜਾ, ਮੀਤਾ ਸਲੂਜਾ, ਬਲਦੇਵ ਸਿੰਘ ਕੰਗ (ਕੈਲੀਫੋਰਨੀਆਂ ਦੇ ਉੱਘੇ ਕਾਰੋਬਾਰੀ), ਸਰਬਜੀਤ ਸਿੰਘ ਬਖਸ਼ੀ ਸ਼ਾਮਲ ਸਨ। 

ਸਿੱਖਸ ਆਫ਼ ਅਮਰੀਕਾ ਦੇ ਵਫ਼ਦ ਨੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਦਾ ਸਵਾਗਤ ਕਰਦਿਆਂ ਜ਼ਿਕਰ ਕੀਤਾ ਕਿ ਸੰਨ 2014 ਵਿਚ ਜਦੋਂ ਉਹ ਅਮਰੀਕਾ ਦੇ ਅੰਬੈਸਡਰ ਸਨ ਤਾਂ ਉਹਨਾਂ ਪਹਿਲੀ ਵਾਰ ਸਿੱਖਾਂ ਦੇ ਵਫ਼ਦ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਵਾਈ ਸੀ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੇ ਵਫ਼ਦ ਨਾਲ ਕਾਲੀ ਸੂਚੀ ਖ਼ਤਮ ਕਰਨ ਅਤੇ '84 ਦੇ ਦਿੱਲੀ ਸਿੱਖ ਕਤਲੇਆਮ ਸਬੰਧੀ ਸਿੱਟ ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਬਾਅਦ ਵਿਚ ਉਹ ਵਾਅਦਾ ਪੂਰਾ ਵੀ ਕੀਤਾ। 

ਇਸ ਮੌਕੇ ਸਿੱਖਸ ਆਫ਼ ਅਮਰੀਕਾ ਦੇ ਵਫ਼ਦ ਨੇ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਪੱਤਰ ਵੀ ਸੌਂਪਿਆ। ਪੱਤਰ ਪ੍ਰਾਪਤ ਕਰਨ ਉਪਰੰਤ ਐੱਸ. ਜੈਸ਼ੰਕਰ ਨੇ ਕਿਹਾ ਕਿ ਉਹ ਸਿੱਖਸ ਆਫ਼ ਅਮਰੀਕਾ ਦਾ ਇਹ ਸੁਨੇਹਾ ਪ੍ਰਧਾਨ ਮੰਤਰੀ ਤੱਕ ਜ਼ਰੂਰ ਪਹੁੰਚਾ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਵੀ ਸਿੱਖਾਂ ਦੀਆਂ ਮੰਗਾਂ ਮੰਨੀਆਂ ਅਤੇ ਇਸ ਉੱਪਰ ਵੀ ਗੌਰ ਕੀਤਾ ਜਾਵੇਗਾ। ਅੰਤ ਵਿਚ ਸਿੱਖਸ ਆਫ਼ ਅਮਰੀਕਾ ਵਲੋਂ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਨੇ ਐੱਸ. ਜੈਸ਼ੰਕਰ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ।