ਇਮਰਾਨ ਖ਼ਾਨ ਨੂੰ ਗੱਦੀਉਂ ਲਾਹੁਣ ਲਈ ਵਿਰੋਧੀ ਗਠਜੋੜ ਦੀ ਤੀਜੀ ਰੈਲੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਮੌਜੂਦਾ ਹਾਲਤ ਲਈ ਫ਼ੌਜ ਅਤੇ ਆਈ.ਐਸ.ਆਈ ਪ੍ਰਮੁਖ ਜ਼ਿੰਮੇਵਾਰ : ਨਵਾਜ਼ ਸ਼ਰੀਫ਼

image

ਕਰਾਚੀ, 26 ਅਕਤੂਬਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਦੇਸ਼ ਦੀ ਮੌਜੂਦਾ ਸਿਆਸੀ ਹਾਲਤ ਲਈ ਫ਼ੌਜ ਪ੍ਰਮੁਖ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈ.ਐਸ.ਆਈ ਪ੍ਰਮੁਖ ਲੈਫ਼ਟੀਨੈਂਟ ਜਨਰਲ ਫ਼ੈਜ਼ ਹਮੀਦ ਨੂੰ ਜ਼ਿੰਮੇਵਾਰ ਠਹਿਰਾਇਆ, ਉਥੇ ਹੀ ਵਿਰੋਧੀ ਦਲਾਂ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਵਿਰੁਧ ਅਪਣੀ ਤੀਜੀ ਵਿਸ਼ਾਲ ਸਾਂਝੀ ਰੈਲੀ ਕੀਤੀ। ਦੇਸ਼ ਦੇ 11 ਵਿਰੋਧੀ ਦਲਾਂ ਦੇ ਗਠਜੋੜ 'ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ' (ਪੀਡੀਐਮ) ਦਾ ਗਠਨ 20 ਸਤੰਬਰ ਨੂੰ ਇਮਰਾਨ ਖ਼ਾਨ ਨੂੰ ਗੱਦੀਉ ਲਾਹੁਣ ਲÂਂ ਕੀਤਾ ਗਿਆ ਹੈ।

ਗਠਜੋੜ ਨੇ ਇਸ ਮਹੀਨੇ ਗੁਜਰਾਂਵਾਲਾ ਅਤੇ ਕਰਾਚੀ ਵਿਚ ਇਕ ਤੋਂ ਬਾਅਦ ਇਕ ਵਿਸ਼ਾਲ ਰੈਲੀਆਂ ਕੀਤੀਆਂ। ਤੀਜੀ ਰੈਲੀ ਅਸ਼ਾਂਤ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੋਇਟਾ ਵਿਚ ਐਤਵਾਰ ਨੂੰ ਕੀਤੀ ਗਈ। ਲੰਡਨ ਤੋਂ ਵੀਡੀਉ ਲਿੰਕ ਰਾਹੀਂ ਰੈਲੀ ਵਿਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਮੁਖ ਨਵਾਜ਼ ਸ਼ਰੀਫ਼ ਨੇ ਇਕ ਵਾਰ ਫਿਰ ਫ਼ੌਜ ਪ੍ਰਮੁਖ ਬਾਜਵਾ ਅਤੇ ਆਈ.ਐਸ.ਆਈ ਪ੍ਰਮੁਖ ਜਨਰਲ ਹਮੀਦ ਨੂੰ ਪਾਕਿਸਤਾਨ ਦੇ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਸ਼ਰੀਫ਼ ਨੇ ਕਿਹਾ,''ਜਨਰਲ ਬਾਜਵਾ ਤੁਹਾਨੂੰ 2018 ਚੋਣਾਂ ਵਿਚ ਗੜਬੜ, ਸੰਸਦ ਵਿਚ ਸਾਂਸਦਾਂ ਦੀ ਖ਼ਰੀਦ-ਫ਼ਰੋਖ਼ਤ, ਲੋਕਾਂ ਦੀ ਇੱਛਾ ਵਿਰੁਧ ਅਤੇ ਸੰਵਿਧਾਨ ਤੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਇਮਰਾਨ ਨਿਆਜ਼ੀ ਨੂੰ ਪ੍ਰਧਾਨ ਮੰਤਰੀ ਬਨਾਉਣ, ਲੋਕਾਂ ਨੂੰ ਗ਼ਰੀਬੀ ਅਤੇ ਭੁੱਖ ਵਲ ਧੱਕਣ ਦਾ ਜਵਾਬ ਦੇਣਾ ਹੋਵੇਗਾ।''

image

ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਅਪਣੇ ਭਾਸ਼ਣ ਵਿਚ ਕਿਹਾ ਕਿ ਪਾਕਿਸਤਾਨ ਅਤੇ ਬਲੋਚਿਸਤਾਨ ਦੀ ਕਿਸਮਤ ਬਦਲਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ,''ਹੁਣ ਤੁਹਾਲੇ ਪਤੀ, ਭਾਈ ਅਤੇ ਬਲੋਚਿਸਤਾਨ ਦੇ ਲੋਕ ਗ਼ਾਇਬ ਨਹੀਂ ਹੋਣਗੇ।''ਉਨ੍ਹਾਂ ਕਿਹਾ,''ਮੌਜੂਦਾ ਤਾਨਾਸ਼ਾਹ ਸਰਕਾਰ ਦਾ ਸੂਬਜ ਡੁੱਬਣ ਵਾਲਾ ਹੈ ਅਤੇ ਕਠਪੁਤਲੀ ਦਾ ਖੇਡ ਜਲਦੀ ਹੀ ਖ਼ਤਮ ਹੋ ਜਾਵੇਗਾ।'' ਬਿਲਾਵਲ ਭੁੱਟੋ ਜ਼ਰਾਦਰੀ ਨੇ ਕਿਹਾ,''ਇਹ ਕਿਵੇਂ ਦਾ ਲੋਕਤੰਤਰ ਹੈ ਜਿਥੇ ਨਾ ਮੀਡੀਆ ਆਜ਼ਾਦ ਹੈ ਅਤੇ ਨਾ ਨਿਆਂ ਪਾਲਿਕਾ।'' ਇਸ ਵਿਚਾਲੇ ਸਰਕਾਰ ਦੇ ਵੱਡੇ ਆਲੋਚਕ ਮੋਹਸਿਨ ਦਾਵਰ ਨੂੰ ਕੋਇਟਾ ਹਵਾਈ ਅੱਡੇ 'ਤੇ ਰੋਕ ਲਿਆ ਗਿਆ। ਉਧਰ ਪਾਕਿਸਤਾਨ ਦੀ ਫ਼ੌਜ ਨੇ ਰਾਜਨੀਤੀ ਵਿਚ ਦਖ਼ਲ ਦੇਣ ਦੀ ਗਲ ਤੋਂ ਇਨਕਾਰ ਕੀਤਾ ਹੈ। ਇਮਰਾਨ ਖ਼ਾਨ ਵੀ ਇਸ ਗਲ ਤੋਂ ਇਨਕਾਰ ਕਰ ਚੁਕੇ ਹਨ ਕਿ ਫ਼ੌਜ ਨੇ 2018 ਦੀਆਂ ਚੋਣਾਂ ਜਿੱਤਣ ਵਿਚ ਉਨ੍ਹਾਂ ਦੀ ਮਦਦ ਕੀਤੀ ਸੀ। (ਪੀਟੀਆਈ)