ਕੈਨੇਡਾ 'ਚ ਪੰਜਾਬਣ ਪੁਲਿਸ ਅਧਿਕਾਰੀ ਨੂੰ ਮਿਲਿਆ ਉੱਚ ਸਨਮਾਨ
ਸੁਖਜੀਤ ਕੌਰ ਸੁੱਖੀ ਢੇਸੀ ਨੂੰ ਪੁਲਿਸ ਐਗਜ਼ਮਪਲਰੀ ਸਰਵਿਸ ਮੈਡਲ ਨਾਲ ਕੀਤਾ ਗਿਆ ਸਨਮਾਨਿਤ
30 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਮਿਲਿਆ ਸਨਮਾਨ
ਵੈਨਕੂਵਰ : ਸੀਨੀਅਰ ਪੰਜਾਬਣ ਪੁਲਿਸ ਅਧਿਕਾਰੀ ਸੁਖਜੀਤ ਕੌਰ ਸੁੱਖੀ ਢੇਸੀ ਨੇ ਵੱਡਾ ਨਾਮਣਾ ਖੱਟਿਆ ਹੈ। ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਸੁਖਜੀਤ ਕੌਰ ਸੁੱਖੀ ਢੇਸੀ ਨੂੰ ਪੁਲਿਸ ਦੇ ਸਰਬਉੱਚ ਸਨਮਾਨ 'ਪੁਲਿਸ ਐਗਜ਼ਮਪਲਰੀ ਸਰਵਿਸ ਮੈਡਲ' ਨਾਲ ਸਨਮਾਨਿਤ ਕੀਤਾ ਹੈ। ਸੁਖਜੀਤ ਢੇਸੀ ਨੂੰ ਇਹ ਸਨਮਾਨ ਪੁਲਿਸ ਮਹਿਕਮੇ ਵਿਚ 30 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਦਿਤਾ ਗਿਆ ਹੈ।
ਦੱਸ ਦੇਈਏ ਕਿ ਕੈਨੇਡਾ ਦੇ ਗਵਰਨਰ ਜਨਰਲ ਵਲੋਂ ਇਹ ਸਰਬਉੱਚ ਸਨਮਾਨ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਦਿਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ 20 ਸਾਲ ਜਨਤਕ ਸੁਰੱਖਿਆ ਵਿਚ ਅਹਿਮ ਯੋਗਦਾਨ ਪਾਇਆ ਹੋਵੇ। ਜਾਣਕਾਰੀ ਅਨੁਸਾਰ ਕਾਰਪੋਰੇਲ ਸੁਖਜੀਤ ਕੌਰ ਢੇਸੀ ਸਾਲ 1992 ਵਿਚ ਪੁਲਿਸ ਵਿਚ ਭਰਤੀ ਹੋਈ ਸੀ ਅਤੇ ਉਹ ਜਲੰਧਰ ਜ਼ਿਲ੍ਹੇ ਨਾਲ ਸਬੰਧ ਰੱਖਦੀ ਹੈ।
ਢੇਸੀ ਵੈਨਕੂਵਰ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਚੁਕੇ ਹਨ। ਦੱਸ ਦੇਈਏ ਕਿ ਸੁਖਜੀਤ ਕੌਰ ਸੁੱਖੀ ਢੇਸੀ ਹੁਣ ਜਾਂਚ ਏਜੰਸੀ ਇੰਟੈਗ੍ਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਵਿਚ ਮੀਡੀਆ ਬੁਲਾਰੇ ਵਜੋਂ ਸੇਵਾਵਾਂ ਨਿਭਾਅ ਰਹੇ ਹਨ।