ਬਰੈਂਪਟਨ ਸਿਟੀ ਕੌਂਸਲ ਚੋਣ ਵਿਚ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ
ਚਾਰ ਪੰਜਾਬੀਆਂ ਨੇ ਪ੍ਰਾਪਤ ਕੀਤੀ ਸ਼ਾਨਦਾਰ ਜਿੱਤ
ਬਰੈਂਪਟਨ: ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਬਰੈਂਪਟਨ ਸਿਟੀ ਦੀ ਮਿਉਂਸਿਪਲ ਚੋਣ ਵਿੱਚ ਚਾਰ ਪੰਜਾਬੀਆਂ ਨੇ ਜਿੱਤ ਦਰਜ ਕੀਤੀ ਹੈ। ਇਸ ਚੋਣ ਵਿਚ ਨਵਜੀਤ ਕੌਰ ਬਰਾੜ, ਗੁਰਪ੍ਰਤਾਪ ਸਿੰਘ ਤੂਰ, ਹਰਕੀਰਤ ਸਿੰਘ ਅਤੇ ਸਤਪਾਲ ਜੌਹਲ ਜੇਤੂ ਰਹੇ ਹਨ। ਜਾਣਕਾਰੀ ਅਨੁਸਾਰ ਨਵਜੀਤ ਕੌਰ ਬਰਾੜ ਨੇ ਵਾਰਡ 2 ਤੇ 6 ਅਤੇ ਹਰਕੀਰਤ ਸਿੰਘ ਨੇ ਵਾਰਡ 9 ਤੇ 10 ਤੋਂ ਸਿਟੀ ਕੌਂਸਲਰ ਵਜੋਂ ਚੋਣ ਜਿੱਤੀ ਹੈ ਜਦਕਿ ਗੁਰਪ੍ਰਤਾਪ ਸਿੰਘ ਤੂਰ ਵਾਰਡ 9 ਤੇ 10 ਤੋਂ ਰਿਜਨਲ ਕੌਂਸਲਰ ਚੁਣੇ ਗਏ ਹਨ।
ਬਰੈਂਪਟਨ ਸਿਟੀ ਕੌਂਸਲ ਵਿਚ ਚਾਰ ਨਵੇਂ ਉਮੀਦਵਾਰਾਂ ਵਿਚੋਂ ਸਿਰਫ਼ ਨਵਜੀਤ ਬਰਾੜ ਨੇ ਵਾਰਡ 2 ਅਤੇ 6 ਵਿਚ ਸਿਟੀ ਕੌਂਸਲਰ ਦੀ ਦੌੜ ਜਿੱਤ ਲਈ। ਇਸ ਦੇ ਨਾਲ ਹੀ ਉਹਨਾਂ ਨੇ ਕਾਉਂਸ ਡੱਗ ਵਿਲਨਜ਼ ਦੀ ਥਾਂ ਲੈ ਲਈ ਹੈ। ਨਵਜੀਤ ਬਰਾੜ ਨੇ 28 ਫੀਸਦੀ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਪੱਤਰਕਾਰ ਸਤਪਾਲ ਜੌਹਲ ਵਾਰਡ ਨੰਬਰ 9 ਤੇ 10 ਤੋਂ ਪੀਲ ਸਕੂਲ ਬੋਰਡ ਦੇ ਟਰੱਸਟੀ ਬਣ ਗਏ ਹਨ। ਸਤਪਾਲ ਸਿੰਘ ਜੌਹਲ ਨੂੰ ਮਿਊਂਸਪਲ ਇਲੈਕਸ਼ਨ ’ਚ ਸਕੂਲ ਬੋਰਡ ਟਰੱਸਟੀ ਲਈ ਨਿਕਟ ਵਿਰੋਧੀ ਤੋਂ 2028 ਵੋਟਾਂ ਦੇ ਫ਼ਰਕ ਨਾਲ ਸ਼ਾਨਦਾਰ ਜਿੱਤ ਹਾਸਲ ਹੋਈ ਹੈ।
ਜ਼ਿਕਰਯੋਗ ਹੈ ਕਿ ਬਰੈਂਪਟਨ ਸਿਟੀ ਕੌਂਸਲ ਵਿੱਚ ਪੰਜ ਸਿਟੀ ਕੌਂਸਲਰ, ਪੰਜ ਰਿਜਨਲ ਕੌਂਸਲਰ ਅਤੇ ਪੰਜ ਸਕੂਲ ਟਰੱਸਟੀ ਚੁਣੇ ਜਾਂਦੇ ਹਨ। ਪੈਟਰਿਕ ਬਰਾਊਨ ਦੋ ਪੰਜਾਬੀਆਂ ਨਿੱਕੀ ਕੌਰ ਅਤੇ ਬੌਬ ਦੋਸਾਂਝ ਨੂੰ ਹਰਾ ਕੇ ਦੂਜੀ ਵਾਰ ਮੇਅਰ ਚੁਣੇ ਗਏ ਹਨ। ਬਰੈਂਪਟਨ ਦੀ ਲਗਭਗ 40 ਪ੍ਰਤੀਸ਼ਤ ਆਬਾਦੀ ਦੱਖਣੀ ਏਸ਼ੀਆਈ ਹੈ। ਦੱਸ ਦੇਈਏ ਕਿ ਓਂਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਦੀਆਂ ਮਿਉਂਸੀਪਲ ਚੋਣਾਂ ਵਿਚ 40 ਦੇ ਕਰੀਬ ਉਮੀਦਵਾਰ ਪੰਜਾਬੀ ਮੈਦਾਨ ਸਨ।