ਕਮਲਾ ਹੈਰਿਸ ਨੇ ਫਿਰ ਦਿੱਤੇ ਚੋਣਾਂ ਲੜਨ ਦੇ ਸੰਕੇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਲੋਕਾਂ ’ਤੇ ਜਤਾਇਆ ਵੱਡਾ ਭਰੋਸਾ

Kamala Harris hints at running for re-election

ਵਾਸ਼ਿੰਗਟਨ (ਸ਼ਾਹ) : ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਫਿਰ ਤੋਂ ਰਾਸ਼ਟਰਪਤੀ ਦੀ ਚੋਣ ਲੜਨ ਦੇ ਸੰਕੇਤ ਦਿੱਤੇ ਗਏ ਨੇ। ਇਕ ਇੰਟਰਵਿਊ ਦੌਰਾਨ ਕਮਲਾ ਨੇ ਆਖਿਆ ਕਿ ਉਹ ਖ਼ੁਦ ਨੂੰ ਇਕ ਦਿਨ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਦੇ ਰੂਪ ਵਿਚ ਦੇਖਦੀ ਐ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਯਕੀਨ ਐ ਕਿ ਅਮਰੀਕਾ ਇਕ ਦਿਨ ਇਕ ਮਹਿਲਾ ਰਾਸ਼ਟਰਪਤੀ ਚੁਣੇਗਾ।

ਅਮਰੀਕਾ ਦੀ ਸਾਬਕਾ ਉਪ ਰਾਸ਼ਟਰਪਤੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜ ਸਕਦੀ ਐ। ਉਨ੍ਹਾਂ ਇਕ ਚੈਨਲ ਨਾਲ ਕੀਤੀ ਗਈ ਇੰਟਰਵਿਊ ਵਿਚ ਆਖਿਆ ਕਿ ਉਸ ਦੀ ਰਾਜਨੀਤੀ ਹਾਲੇ ਖ਼ਤਮ ਨਹੀਂ ਹੋਈ,, ਇਹ ਉਸ ਦੀ ਰਗ਼ ਰਗ਼ ਵਿਚ ਵਸੀ ਹੋਈ ਐ, ਇਸ ਕਰਕੇ ਉਹ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰੇਗੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਐ ਕਿ ਇਕ ਦਿਨ ਅਮਰੀਕਾ ਦੇ ਲੋਕ ਇਕ ਮਹਿਲਾ ਨੂੰ ਦੇਸ਼ ਦੀ ਰਾਸ਼ਟਰਪਤੀ ਜ਼ਰੂਰ ਚੁਣਨਗੇ।

ਕਮਲਾ ਹੈਰਿਸ ਨੇ ਹਾਲ ਹੀ ਵਿਚ ਆਪਣੀ ਕਿਤਾਬ ‘107 ਡੇਅਜ਼’ ਦੇ ਰਿਲੀਜ਼ ਹੋਣ ਤੋਂ ਬਾਅਦ ਕਈ ਇੰਟਰਵਿਊ ਦਿੱਤੇ ਨੇ। ਇਹ ਕਿਤਾਬ 2024 ਵਿਚ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਹੈਰਿਸ ਦੇ ਤਜਰਬੇ ’ਤੇ ਕੇਂਦਰਤ ਐ ਕਿਉਂਕਿ ਉਸ ਸਮੇਂ ਦੇ ਰਾਸ਼ਟਰਪਤੀ ਜੋਅ ਬਾਇਡਨ ਦੌੜ ਤੋਂ ਬਾਹਰ ਹੋ ਗਏ ਸਨ। ਉਹ ਆਖ਼ਰ ਵਿਚ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਕੋਲੋਂ ਹਾਰ ਗਈ ਸੀ, ਪਰ ਇਕ ਤਾਜ਼ਾ ਇੰਟਰਵਿਊ ਦੌਰਾਨ ਕਮਲਾ ਹੈਰਿਸ ਨੇ ਆਖਿਆ ਕਿ ਉਸ ਵਿਚ ਹਾਲੇ ਲੜਨ ਦੀ ਸਮਰੱਥਾ ਹੈ ਅਤੇ ਉਸ ਨੇ ਹਾਲੇ ਤੱਕ ਹਾਰ ਨਹੀਂ ਮੰਨੀ।

ਦੱਸ ਦਈਏ ਕਿ ਪਿਛਲੇ ਹਫ਼ਤੇ ਇਕ ਇੰਟਰਵਿਊ ਵਿਚ 60 ਸਾਲਾਂ ਦੀ ਹੈਰਿਸ ਨੇ ਸਪੱਸ਼ਟ ਕੀਤਾ ਕਿ ਉਸ ਨੇ 2028 ਵਿਚ ਦੁਬਾਰਾ ਚੋਣ ਲੜਨ ਦੇ ਵਿਚਾਰ ਨੂੰ ਨਹੀਂ ਤਿਆਗਿਆ। ਉਸ ਨੇ ਆਖਿਆ ਕਿ ਉਹ ਆਪਣੇ ਆਪ ਨੂੰ ਪਾਰਟੀ ਦੀ ਇਕ ਸਮਰਪਿਤ ਨੇਤਾ ਵਜੋਂ ਦੇਖਦੀ ਐ ਅਤੇ 2026 ਦੀਆਂ ਮੱਧਕਾਲੀ ਚੋਣਾਂ ਲਈ ਪੂਰੀ ਮਿਹਨਤ ਨਾਲ ਤਿਆਰੀ ਕਰ ਰਹੀ ਐ।