ਕੈਲੀਫੋਰਨੀਆ ’ਚ ਵਾਪਰੇ ਸੜਕ ਹਾਦਸੇ ਦੇ ਮਾਮਲੇ ’ਚ ਅਗਲੀ ਸੁਣਵਾਈ 4 ਨਵੰਬਰ ਨੂੰ
ਜਸ਼ਨਪ੍ਰੀਤ ਸਿੰਘ ਨੇ ਨਸ਼ੇ ਦੀ ਹਾਲਤ ’ਚ ਗੱਡੀ ਚਲਾਉਣ ਦੇ ਆਰੋਪਾਂ ਨੂੰ ਸਿਰੇ ਤੋਂ ਕੀਤਾ ਖਾਰਜ
ਕੈਲੀਫੋਰਨੀਆ : ਕੈਲੀਫੋਰਨੀਆ ’ਚ ਵਾਪਰੇ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਜਿਸ ਤੋਂ ਬਾਅਦ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਰ ਜਸ਼ਨਪ੍ਰੀਤ ਸਿੰਘ ਨੇ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਦੇ ਆਰੋਪਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ। ਉਧਰ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ ਇਕ ਅੰਮ੍ਰਿਤਧਾਰੀ ਸਿੱਖ ਅਤੇ ਉਸ ਨੇ ਕਦੇ ਵੀ ਸ਼ਰਾਬ ਨਹੀਂ ਪੀਤੀ। ਜਦਕਿ ਇਕ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ ਨਸ਼ੇ ਦੀ ਹਾਲਤ ਵਿਚ ਗੱਡੀ ਚਲਾ ਰਿਹਾ ਸੀ ਅਤੇ ਉਹ ਬ੍ਰੇਕ ਨਹੀਂ ਲਗਾ ਸਕਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਮਾਮਲ ਦੀ ਅਗਲੀ ਸੁਣਵਾਈ ਹੁਣ ਆਉਂਦੀ 4 ਨਵੰਬਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਹੋਮਲੈਂਡ ਸਕਿਓਰਿਟੀ ਵਿਭਾਗ ਨੇ ਕਿਹਾ ਕਿ ਜਸ਼ਨਪ੍ਰੀਤ 2022 ’ਚ ਬਾਈਡਨ ਪ੍ਰਸ਼ਾਸਨ ਦੌਰਾਨ ਭਾਰਤ ਤੋਂ ਗੈਰਕਾਨੂੰਨੀ ਤੌਰ ’ਤੇ ਅਮਰੀਕਾ ’ਚ ਦਾਖਲ ਹੋਇਆ ਸੀ। ਉਸ ਦੇ ਕੋਲ ਇਕ ਸੈਮੀ ਟਰੱਕ ਚਲਾਉਣ ਲਈ ਇਕ ਵਪਾਰਕ ਡਰਾਈਵਿੰਗ ਲਾਇੰਸੈਂਸ ਹੈ। ਜਸ਼ਨਪ੍ਰੀਤ ਸਿੰਘ ਦਾ ਲਾਇਸੈਂਸ ਇਕ ਸੰਘੀ ਅਸਲ ਆਈਡੀ ਹੈ, ਜਿਸ ਨੂੰ ਪ੍ਰਾਪਤ ਕਰਨ ਦਾ ਉਹ ਹੱਕਦਾਰ ਸੀ ਕਿਉਂਕਿ ਸੰਘੀ ਸਰਕਾਰ ਨੇ ਉਸ ਨੂੰ ਕਾਨੂੰਨੀ ਦਰਜਾ ਦਿੱਤਾ ਸੀ। ਜਦਕਿ ਕੈਲੀਫੋਰਨੀਆ ਨੇ ਜਸ਼ਨਪ੍ਰੀਤ ਦੇ ਕੰਮ ਦੇ ਕਾਰਜਕਾਲ ਨੂੰ ਵਧਾਉਣ ਲਈ ਟਰੰਪ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਹੈ। ਜਦਕਿ ਟਰੰਪ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਕੈਲੀਫੋਰਨੀਆ ਨੇ ਜਸ਼ਨਪ੍ਰੀਤ ਨੂੰ ਡਰਾਈਵਿੰਗ ਜਾਰੀ ਰੱਖਣ ਦੀ ਆਗਿਆ ਦੇ ਕੇ ਸੰਘੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਜਦਕਿ ਉਸ ਨੂੰ ਅਯੋਗ ਐਲਾਨਿਆ ਜਾਣਾ ਚਾਹੀਦਾ ਸੀ।