ਇਜ਼ਰਾਈਲ 'ਚ 26/11 ਮੁੰਬਈ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਦਿਤੀ ਸ਼ਰਧਾਂਜਲੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਜ਼ਰਾਈਲ 'ਚ 26/11 ਮੁੰਬਈ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਦਿਤੀ ਸ਼ਰਧਾਂਜਲੀ

image

ਯੇਰੂਸ਼ਲਮ,26 ਨਵੰਬਰ : ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ 26 ਨਵੰਬਰ, 2008 ਨੂੰ ਹੋਏ ਅਤਿਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਜਂਲੀ ਦੇਣ ਦੇ ਲਈ ਇਜ਼ਰਾਇਲ ਵਿਚ ਕਈ ਆਯੋਜਨ ਕੀਤੇ ਜਾ ਰਹੇ ਹਨ। ਇਜ਼ਰਾਈਲ ਦੇ ਲੋਕ 'ਪਾਕਿਸਤਾਨ ਸਮਰਥਿਤ ਅਤਿਵਾਦ' ਦੀ ਨਿੰਦਾ ਕਰ ਰਹੇ ਹਨ ਅਤੇ ਹਮਲੇ ਨੂੰ ਅੰਜਾਮ ਦੇਣ ਵਾਲਿਆਂ 'ਤੇ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਇਜ਼ਰਾਈਲੀ ਨਾਗਰਿਕ ਅਤੇ ਭਾਰਤੀ ਵਿਦਿਆਰਥੀਆਂ ਨੇ ਮੁੰਬਈ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਯੇਰੂਸ਼ਲਮ, ਰੇਹੋਵੋਲ ਅਤੇ ਤੇਲ ਅਵੀਵ ਵਿਚ ਵੀਰਵਾਰ ਨੂੰ ਸ਼ਰਧਾਂਜਲੀ ਦਿਤੀ।

image


ਇਜ਼ਰਾਈਲੀ ਸਮੇਂ ਮੁਤਾਬਕ ਵੀਰਵਾਰ ਰਾਤ 8 ਵਜੇ ਡਿਜੀਟਲ ਮਾਧਿਅਮ ਜ਼ਰੀਏ ਜੂਮ 'ਤੇ ਵੀ ਇਕ ਸ਼ਰਧਾਂਜਲੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਰ ਸ਼ਾਮਲ ਹੋਣ ਲਈ ਸੈਂਕੜੇ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਪ੍ਰੋਗਰਾਮ ਵਿਚ ਇਜ਼ਰਾਈਲ ਵਿਚ ਭਾਰਤ ਦੇ ਰਾਜਦੂਤ ਸੰਜੀਵ ਸਿੰਗਲਾ ਅਤੇ ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਡਾਕਟਰ ਰੀਨ ਮਾਲਕਾ ਸ਼ਾਮਲ ਹੋਏ। ਇਜ਼ਰਾਈਲ ਦੇ ਦਖਣ ਵਿਚ ਸਥਿਤ ਤਟੀ ਸ਼ਹਿਰ ਐਲਾਤ ਦੇ ਆਇਜੇਕ ਸੋਲੋਮਨ ਨੇ ਪੀ.ਟੀ.ਆਈ. ਨੂੰ ਕਿਹਾ, ''ਇਜ਼ਰਾਈਲ ਅਜਿਹੇ ਦੇਸ਼ ਦਾ ਵਿਰੋਧ ਕਰਦਾ ਹੈ ਜੋ ਅਤਿਵਾਦੀਆਂ ਨੂੰ ਵਿੱਤੀ ਅਤੇ ਹੋਰ ਤਰ੍ਹਾਂ ਦੀ ਮਦਦ ਮੁਹਈਆ ਕਰਾਉਂਦਾ ਹੈ। ਅਤਿਵਾਦ ਦੇ ਸਮਰਥਕ ਦੇਸ਼ਾਂ ਦਾ ਕੂਟਨੀਤਕ ਅਤੇ ਵਿੱਤੀ ਰੂਪ ਨਾਲ ਬਾਈਕਾਟ ਕਰਨ ਲਈ ਸ਼ਾਂਤੀ ਦੇ ਸਮਰਥਕ ਦੇਸ਼ਾਂ ਨੂੰ ਇਕੱਠੇ ਆਉਣਾ ਚਾਹੀਦਾ ਹੈ। ਇਸ ਨਾਲ ਅਤਿਵਾਦੀ ਵਾਰਦਾਤਾਂ ਨੂੰ ਰੋਕਣ ਵਿਚ ਮਦਦ ਮਿਲੇਗੀ।'' ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਅਤਿਵਾਦੀ ਸੰਗਠਨ ਦੇ 10 ਅਤਿਵਾਦੀਆਂ ਨੇ 26 ਨਵੰਬਰ, 2008 ਨੂੰ ਮੁੰਬਈ 'ਤੇ ਯੋਜਨਾਬੱਧ ਤਰੀਕੇ ਨਾਲ 12 ਹਮਲੇ ਕੀਤੇ ਸਨ। ਚਾਰ ਦਿਨ ਤਕ ਚੱਲੇ ਇਹਨਾਂ ਹਮਲਿਆਂ ਵਿਚ ਘੱਟੋ-ਘੱਟ 166 ਲੋਕ ਮਾਰੇ ਗਏ ਅਤੇ 300 ਤੋਂ ਵੱਧ ਜ਼ਖ਼ਮੀ ਹੋਏ।


ਮਰਨ ਵਾਲਿਆਂ ਵਿਚ 6 ਯਹੂਦੀ ਸ਼ਾਮਲ ਸਨ। (ਪੀਟੀਆਈ)