ਚੀਨ 'ਚ ਖਤਰਨਾਕ ਰੂਪ ਨਾਲ ਵੱਧ ਰਿਹਾ ਕੋਰੋਨਾ ਵਾਇਰਸ, ਲਗਾਤਾਰ ਤੀਜੇ ਦਿਨ 30 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਈ ਖੇਤਰਾਂ 'ਚ ਆਵਾਜਾਈ 'ਤੇ ਪਾਬੰਦੀ, ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ

Representative

ਪਿਛਲੇ 24 ਘੰਟਿਆਂ ਵਿੱਚ 35,909 ਨਵੇਂ ਕੇਸ ਕੀਤੇ ਗਏ ਦਰਜ

ਬੀਜਿੰਗ: ਚੀਨ 'ਚ ਕੋਰੋਨਾ ਇਕ ਵਾਰ ਫਿਰ ਖਤਰਨਾਕ ਰੁਖ ਅਖ਼ਤਿਆਰ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਵਿੱਚ ਲਗਾਤਾਰ ਤੀਜੇ ਦਿਨ 30 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। 26 ਨਵੰਬਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 35,909 ਨਵੇਂ ਕੇਸ ਦਰਜ ਕੀਤੇ ਗਏ ਹਨ। ਇਹ ਚੰਗੀ ਗੱਲ ਹੈ ਕਿ ਸ਼ੁੱਕਰਵਾਰ ਨੂੰ ਕੋਵਿਡ-19 ਦੀ ਲਾਗ ਕਾਰਨ ਕਿਸੇ ਦੀ ਮੌਤ ਨਹੀਂ ਹੋਈ। 

ਇੱਕ ਦਿਨ ਪਹਿਲਾਂ 25 ਨਵੰਬਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਚੀਨ ਵਿੱਚ ਪਿਛਲੇ 24 ਘੰਟਿਆਂ ਵਿੱਚ 32,943 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਸੰਕਰਮਣ ਵਿੱਚ ਚਿੰਤਾਜਨਕ ਵਾਧੇ ਦੇ ਮੱਦੇਨਜ਼ਰ, ਲੌਕਡਾਊਨ ਦੀ ਮਿਆਦ ਵਧਾ ਦਿੱਤੀ ਗਈ ਹੈ। ਝੋਂਗਝੂ ਦੇ ਅੱਠ ਜ਼ਿਲ੍ਹਿਆਂ ਦੀ ਕੁੱਲ ਆਬਾਦੀ ਲਗਭਗ 6.6 ਮਿਲੀਅਨ ਹੈ ਅਤੇ ਉੱਥੇ ਦੇ ਲੋਕਾਂ ਨੂੰ ਵੀਰਵਾਰ ਤੋਂ ਪੰਜ ਦਿਨਾਂ ਲਈ ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ। ਸ਼ਹਿਰ ਦੀ ਸਰਕਾਰ ਨੇ ਲਾਗ ਨਾਲ ਨਜਿੱਠਣ ਲਈ ਕਾਰਵਾਈ ਦੇ ਹਿੱਸੇ ਵਜੋਂ ਉੱਥੇ ਇੱਕ ਵਿਆਪਕ ਜਾਂਚ ਦੇ ਆਦੇਸ਼ ਦਿੱਤੇ ਹਨ।

ਇਸ ਤੋਂ ਪਹਿਲਾਂ 24 ਨਵੰਬਰ ਨੂੰ ਚੀਨ ਵਿੱਚ 31,444 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਦੂਜੇ ਪਾਸੇ ਅੱਜ ਦੂਜੇ ਦਿਨ 32,943 ਅਤੇ ਤੀਜੇ ਦਿਨ 35,909 ਮਾਮਲੇ ਸਾਹਮਣੇ ਆਏ ਹਨ। ਇਹ 2019 ਵਿੱਚ ਚੀਨ ਦੇ ਵੁਹਾਨ ਸ਼ਹਿਰ ਵਿੱਚ ਸੰਕਰਮਣ ਦੇ ਪਹਿਲੇ ਕੇਸ ਤੋਂ ਬਾਅਦ ਦੇਸ਼ ਵਿੱਚ ਰੋਜ਼ਾਨਾ ਰਿਪੋਰਟ ਕੀਤੇ ਜਾਣ ਵਾਲੇ ਸਭ ਤੋਂ ਵੱਧ ਕੇਸ ਹਨ। ਦੇਸ਼ ਵਿੱਚ ਰੋਜ਼ਾਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।

ਅਮਰੀਕਾ ਅਤੇ ਹੋਰ ਦੇਸ਼ਾਂ ਦੇ ਮੁਕਾਬਲੇ ਚੀਨ 'ਚ ਇਨਫੈਕਸ਼ਨ ਕਾਰਨ ਮੌਤਾਂ ਦੇ ਘੱਟ ਮਾਮਲੇ ਸਾਹਮਣੇ ਆਏ ਹਨ ਪਰ ਫਿਰ ਵੀ ਦੇਸ਼ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਵਾਇਰਸ ਨੂੰ ਲੈ ਕੇ ਕੋਈ ਢਿੱਲ ਨਾ ਵਰਤਣ ਦੀ ਨੀਤੀ ਅਪਣਾਈ ਹੈ, ਜਿਸ ਦੇ ਮੱਦੇਨਜ਼ਰ ਮਾਮਲਿਆਂ ਦੀ ਗਿਣਤੀ, ਖੇਤਰਾਂ ਵਿੱਚ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ।

ਸਿਹਤ ਅਧਿਕਾਰੀਆਂ ਦੀ ਅਪੀਲ ਤੋਂ ਬਾਅਦ 3.5 ਲੱਖ ਲੋਕ ਘਰਾਂ 'ਚ ਕੈਦ ਹੋ ਗਏ ਹਨ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕਈ ਥਾਵਾਂ 'ਤੇ ਕੈਂਪ ਲਗਾ ਕੇ ਜਾਂਚ ਵਧਾ ਦਿੱਤੀ ਗਈ ਹੈ। ਬੀਜਿੰਗ ਨੇ ਇਸ ਹਫਤੇ ਇੱਕ ਪ੍ਰਦਰਸ਼ਨੀ ਕੇਂਦਰ ਵਿੱਚ ਇੱਕ ਅਸਥਾਈ ਹਸਪਤਾਲ ਸਥਾਪਤ ਕੀਤਾ ਅਤੇ ਬੀਜਿੰਗ ਇੰਟਰਨੈਸ਼ਨਲ ਸਟੱਡੀਜ਼ ਯੂਨੀਵਰਸਿਟੀ ਵਿੱਚ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ।