Chennai News : ਤਾਮਿਲਨਾਡੂ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ, ਡੂੰਘੇ ਦਬਾਅ ਦੇ ਚੱਕਰਵਾਤ ’ਚ ਬਦਲਣ ਦੀ ਸੰਭਾਵਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Chennai News :ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਸਾਵਧਾਨੀ ਉਪਾਵਾਂ ਦੀ ਸਮੀਖਿਆ ਕਰਨ ਲਈ ਇੱਥੇ ਸਕੱਤਰੇਤ ’ਚ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ

ਤਾਮਿਲਨਾਡੂ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ

Chennai News : ਤਾਮਿਲਨਾਡੂ ਦੇ ਕਈ ਹਿੱਸਿਆਂ ’ਚ ਮੰਗਲਵਾਰ ਨੂੰ ਭਾਰੀ ਮੀਂਹ ਪੈਣ ਤੋਂ ਬਾਅਦ ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਕਿਹਾ ਕਿ ਬੰਗਾਲ ਦੀ ਖਾੜੀ ’ਤੇ ਬਣਿਆ ਦਬਾਅ ਡੂੰਘੇ ਦਬਾਅ ’ਚ ਬਦਲ ਗਿਆ ਹੈ ਅਤੇ ਇਸ ਦੇ 27 ਨਵੰਬਰ ਨੂੰ ਚੱਕਰਵਾਤ ’ਚ ਬਦਲਣ ਦੀ ਸੰਭਾਵਨਾ ਹੈ।  ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਸਾਵਧਾਨੀ ਉਪਾਵਾਂ ਦੀ ਸਮੀਖਿਆ ਕਰਨ ਲਈ ਇੱਥੇ ਸਕੱਤਰੇਤ ’ਚ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਥਿਤੀ ਨਾਲ ਨਜਿੱਠਣ ਲਈ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਅਤੇ ਰਾਜ ਦੀਆਂ ਟੀਮਾਂ ਨੂੰ ਤਿਰੂਵਰੂਰ, ਮਯਿਲਾਦੁਥੁਰਾਈ, ਨਾਗਾਪੱਟੀਨਮ ਅਤੇ ਕੁਡਲੋਰ ਜ਼ਿਲ੍ਹਿਆਂ ’ਚ ਭੇਜਿਆ ਗਿਆ ਹੈ। 

ਚੇਨਈ ਅਤੇ ਨਾਲ ਲਗਦੇ ਚੇਂਗਲਪੇਟ, ਕਾਂਚੀਪੁਰਮ ਅਤੇ ਤਿਰੂਵਲੂਰ ਜਿਲ੍ਹਿਆਂ, ਉੱਤਰੀ ਤੱਟਵਰਤੀ ਸ਼ਹਿਰਾਂ ਕੁਡਲੋਰ ਅਤੇ ਨਾਗਾਪੱਟੀਨਮ ਸਮੇਤ ਕਾਵੇਰੀ ਡੈਲਟਾ ਖੇਤਰ ਦੇ ਸਥਾਨਾਂ ’ਤੇ ਮੀਂਹ ਪਿਆ। ਇਨ੍ਹਾਂ ਖੇਤਰਾਂ ’ਚ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ ਅਤੇ ਕੁੱਝ ਥਾਵਾਂ ’ਤੇ ਭਾਰੀ ਮੀਂਹ ਪਿਆ। ਮੀਂਹ ਕਾਰਨ ਚੇਨਈ ਦੇ ਓ.ਐਮ.ਆਰ. ਰੋਡ ਸਮੇਤ ਕਈ ਇਲਾਕਿਆਂ ’ਚ ਭਾਰੀ ਟ੍ਰੈਫਿਕ ਜਾਮ ਹੋ ਗਿਆ ਅਤੇ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਤ ਹੋਈ। ਇਸ ਤੋਂ ਇਲਾਵਾ ਚੇਨਈ ਜਾਣ ਵਾਲੀਆਂ 7 ਉਡਾਣਾਂ ਦੀ ਲੈਂਡਿੰਗ ’ਚ ਦੇਰੀ ਹੋਈ। 

ਸਰਕਾਰੀ ਸਹਿਕਾਰੀ ਸੰਸਥਾ ਆਵਿਨ ਨੇ ਕਿਹਾ ਕਿ ਉਸ ਨੇ ਲੋਕਾਂ ਨੂੰ ਨਿਰਵਿਘਨ ਦੁੱਧ ਦੀ ਸਪਲਾਈ ਯਕੀਨੀ ਬਣਾਉਣ ਲਈ ਸਾਰੇ ਉਪਾਅ ਕੀਤੇ ਹਨ ਅਤੇ ਇੱਥੇ ਉਸ ਦੇ ਅੱਠ ਪਾਰਲਰ 24 ਘੰਟੇ ਖੁੱਲ੍ਹੇ ਰਹਿਣਗੇ। ਵੀਡੀਉ ਕਾਨਫਰੰਸਿੰਗ ਰਾਹੀਂ ਸਟਾਲਿਨ ਨੇ ਸਥਿਤੀ ਨਾਲ ਨਜਿੱਠਣ ਲਈ ਕਾਰਜ ਯੋਜਨਾ ਦੀ ਸਮੀਖਿਆ ਕੀਤੀ। 

ਮਯਿਲਾਦੁਥੁਰਾਈ, ਵਿਲੂਪੁਰਮ, ਨਾਗਾਪੱਟੀਨਮ, ਤਿਰੂਵਰੂਰ, ਤੰਜਾਵੁਰ ਅਤੇ ਕੁਡਲੋਰ ਜ਼ਿਲ੍ਹਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸਟਾਲਿਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਜ਼ਿਲ੍ਹਾ ਕੁਲੈਕਟਰਾਂ ਅਤੇ ਭਾਰਤੀ ਪ੍ਰਸ਼ਾਸਕੀ ਸੇਵਾ (ਆਈ.ਏ.ਐਸ.) ਦੇ ਅਧਿਕਾਰੀਆਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਮੀਂਹ ਨਾਲ ਸਬੰਧਤ ਕੰਮਾਂ ਦੀ ਨਿਗਰਾਨੀ ਅਤੇ ਤਾਲਮੇਲ ਕਰਨ ਦਾ ਕੰਮ ਸੌਂਪਿਆ ਗਿਆ ਸੀ। 

ਜ਼ਿਲ੍ਹਾ ਮੈਜਿਸਟਰੇਟਾਂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਲੋੜੀਂਦੀ ਗਿਣਤੀ ’ਚ ਰਾਹਤ ਕੈਂਪ ਅਤੇ ਮੈਡੀਕਲ ਟੀਮਾਂ ਤਿਆਰ ਹਨ ਅਤੇ ਹੋਰ ਸਾਰੇ ਲੋੜੀਂਦੇ ਪ੍ਰਬੰਧ ਵੀ ਕੀਤੇ ਗਏ ਹਨ। ਸਟਾਲਿਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਰਾਹਤ ਕੇਂਦਰਾਂ ਨੂੰ ਸਾਰੀਆਂ ਸਹੂਲਤਾਂ ਨਾਲ ਤਿਆਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਹੇਠਲੇ ਇਲਾਕਿਆਂ ਦੇ ਲੋਕਾਂ ਨੂੰ ਪਹਿਲਾਂ ਹੀ ਬਾਹਰ ਕਢਿਆ ਜਾਣਾ ਚਾਹੀਦਾ ਹੈ। 

ਐਨ.ਡੀ.ਆਰ.ਐਫ. ਦੀਆਂ ਦੋ ਟੀਮਾਂ ਤੰਜਾਵੁਰ ਜ਼ਿਲ੍ਹੇ ’ਚ ਭੇਜੀਆਂ ਗਈਆਂ ਹਨ। ਤਿਰੂਵਰੂਰ, ਮਯਿਲਾਦੁਥੁਰਾਈ, ਨਾਗਾਪੱਟੀਨਮ ਅਤੇ ਕੁਡਲੋਰ ਜ਼ਿਲ੍ਹਿਆਂ ਦੀਆਂ ਦੋ-ਦੋ ਟੀਮਾਂ (ਇਕ ਐਨ.ਡੀ.ਆਰ.ਐਫ. ਅਤੇ ਦੂਜੀ ਰਾਜ ਤੋਂ) ਭੇਜੀਆਂ ਗਈਆਂ ਹਨ।  ਬਿਆਨ ਅਨੁਸਾਰ, ‘‘ਮਛੇਰਿਆਂ ਨੂੰ ਪਹਿਲਾਂ ਹੀ ਸਮੁੰਦਰ ’ਚ ਨਾ ਜਾਣ ਦੀ ਸਲਾਹ ਦਿਤੀ ਗਈ ਹੈ ਅਤੇ ਜ਼ਿਆਦਾਤਰ ਕਿਸ਼ਤੀਆਂ ਕਿਨਾਰੇ ਵਾਪਸ ਆ ਗਈਆਂ ਹਨ।’’

ਇਸ ਵਿਚ ਕਿਹਾ ਗਿਆ ਹੈ ਕਿ ਡੂੰਘੇ ਸਮੁੰਦਰ ਵਿਚ ਮੱਛੀ ਫੜਨ ਲਈ ਬਾਹਰ ਗਏ ਮਛੇਰਿਆਂ ਨੂੰ ਨੇੜਲੇ ਬੰਦਰਗਾਹਾਂ ’ਤੇ ਜਾਣ ਦੀ ਸਲਾਹ ਦਿਤੀ ਗਈ ਹੈ। ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਐਮਰਜੈਂਸੀ ਆਪਰੇਸ਼ਨ ਸੈਂਟਰ ਸਥਾਪਤ ਕੀਤੇ ਗਏ ਹਨ ਜੋ 24 ਘੰਟੇ ਕੰਮ ਕਰਨਗੇ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਕੇ.ਕੇ.ਐਸ.ਐਸ.ਆਰ. ਰਾਮਚੰਦਰਨ, ਮੁੱਖ ਸਕੱਤਰ ਐਨ ਮੁਰੂਗਾਨੰਦਮ ਅਤੇ ਰਾਜ ਦੇ ਉੱਚ ਅਧਿਕਾਰੀ ਸ਼ਾਮਲ ਹੋਏ। 

ਆਈ.ਐਮ.ਡੀ. ਦੇ ਅਨੁਸਾਰ, ਬੰਗਾਲ ਦੀ ਖਾੜੀ ’ਤੇ ਦਬਾਅ ਡੂੰਘੇ ਦਬਾਅ ’ਚ ਬਦਲ ਗਿਆ ਹੈ ਅਤੇ ਚੇਨਈ ਤੋਂ ਲਗਭਗ 770 ਕਿਲੋਮੀਟਰ ਦੱਖਣ-ਦੱਖਣ-ਪੂਰਬ ਅਤੇ ਨਾਗਾਪੱਟੀਨਮ ਤੋਂ 570 ਕਿਲੋਮੀਟਰ ਦੱਖਣ-ਦੱਖਣ-ਪੂਰਬ ’ਚ ਹੈ। ਆਈ.ਐਮ.ਡੀ. ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ, ‘‘ਇਸ ਦੇ ਉੱਤਰ-ਉੱਤਰ-ਪੱਛਮ ਵਲ ਵਧਣ ਅਤੇ 27 ਨਵੰਬਰ ਨੂੰ ਚੱਕਰਵਾਤੀ ਤੂਫਾਨ ’ਚ ਬਦਲਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਉੱਤਰ-ਉੱਤਰ-ਪੱਛਮ ਵਲ ਤਾਮਿਲਨਾਡੂ ਤੱਟ ਵਲ ਵਧੇਗਾ ਅਤੇ ਅਗਲੇ ਦੋ ਦਿਨਾਂ ਤਕ ਸ਼੍ਰੀਲੰਕਾ ਤੱਟ ਨੂੰ ਛੂਹੇਗਾ।’’ (ਪੀਟੀਆਈ)

(For more news apart from  Heavy rain in many parts Tamil Nadu, possibility deep depression turning into a cyclone News in Punjabi, stay tuned to Rozana Spokesman)