ਸਾਬਕਾ ਪਾਕਿ ਸਿੱਖ ਵਿਧਾਇਕ ਨੇ ਭਾਰਤੀ ਔਰਤ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ
ਮਹਿੰਦਰ ਪਾਲ ਸਿੰਘ ਨੇ ਸਰਬਜੀਤ ਕੌਰ ਨੂੰ ਦਸਿਆ ‘ਰਾਅ ਦੀ ਜਾਸੂਸ’, ਤੁਰਤ ਗ੍ਰਿਫਤਾਰੀ ਦੀ ਮੰਗ ਲੈ ਕੇ ਪਹੁੰਚੇ ਅਦਾਲਤ
ਲਾਹੌਰ : ਇਕ ਸਾਬਕਾ ਸਿੱਖ ਸੰਸਦ ਮੈਂਬਰ ਨੇ ਬੁਧਵਾਰ ਨੂੰ ਪਾਕਿਸਤਾਨ ਦੀ ਇਕ ਅਦਾਲਤ ਵਿਚ ਇਕ ਭਾਰਤੀ ਔਰਤ ਦੀ ਗ੍ਰਿਫਤਾਰੀ ਅਤੇ ਦੇਸ਼ ਨਿਕਾਲਾ ਦੀ ਮੰਗ ਕੀਤੀ ਹੈ ਜਿਸ ਨੇ ਇਕ ਸਥਾਨਕ ਮੁਸਲਿਮ ਵਿਅਕਤੀ ਨਾਲ ਵਿਆਹ ਕੀਤਾ ਸੀ।
ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਮਹਿੰਦਰ ਪਾਲ ਸਿੰਘ ਨੇ ਲਾਹੌਰ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਦਿਆਂ ਦੋਸ਼ ਲਾਇਆ ਕਿ 48 ਸਾਲ ਦੀ ਸਰਬਜੀਤ ਕੌਰ ਪਾਕਿਸਤਾਨ ਪਹੁੰਚਣ ਤੋਂ ਬਾਅਦ ਲਾਪਤਾ ਹੋ ਗਈ ਸੀ ਅਤੇ ਉਸ ‘ਜਾਸੂਸ’ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸ ਦੇ ਅਪਰਾਧਕ ਰੀਕਾਰਡ ਦੇ ਬਾਵਜੂਦ ਭਾਰਤ ਸਰਕਾਰ ਨੇ ਸਰਬਜੀਤ ਕੌਰ ਨੂੰ ਮਨਜ਼ੂਰੀ ਦੇ ਦਿਤੀ ਹੈ।
ਉਨ੍ਹਾਂ ਕਿਹਾ ਕਿ ਵੀਜ਼ਾ ਖਤਮ ਹੋਣ ਤੋਂ ਬਾਅਦ ਪਾਕਿਸਤਾਨ ’ਚ ਰਹਿਣਾ ਇਕ ਗੈਰ-ਕਾਨੂੰਨੀ ਕੰਮ ਹੈ ਕਿਉਂਕਿ ਇਹ ਮਾਮਲਾ ਪਾਕਿਸਤਾਨ ਦੀ ਕੌਮੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਸਰਬਜੀਤ ਕੌਰ ਉਨ੍ਹਾਂ 2,000 ਸਿੱਖ ਸ਼ਰਧਾਲੂਆਂ ’ਚੋਂ ਇਕ ਸੀ, ਜੋ ਇਸ ਮਹੀਨੇ ਦੇ ਸ਼ੁਰੂ ਵਿਚ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਸਥਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਭਾਰਤ ਤੋਂ ਵਾਹਗਾ ਸਰਹੱਦ ਰਾਹੀਂ ਲਾਹੌਰ ਵਿਚ ਦਾਖਲ ਹੋਏ ਸਨ। 13 ਨਵੰਬਰ ਨੂੰ ਭਾਰਤੀ ਸਿੱਖ ਅਪਣੇ ਦੇਸ਼ ਪਰਤ ਆਏ ਸਨ ਪਰ ਸਰਬਜੀਤ ਕੌਰ ਲਾਪਤਾ ਹੋ ਗਈ ਸੀ। ਬਾਅਦ ’ਚ ਪਤਾ ਲੱਗਾ ਕਿ ਉਸ ਨੇ 4 ਨਵੰਬਰ ਨੂੰ ਲਾਹੌਰ ਤੋਂ 50 ਕਿਲੋਮੀਟਰ ਦੂਰ ਸ਼ੇਖੂਪੁਰਾ ਜ਼ਿਲ੍ਹੇ ਦੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ ਸੀ।
ਪਿਛਲੇ ਹਫਤੇ, ਕੌਰ ਅਤੇ ਹੁਸੈਨ ਨੇ ਲਾਹੌਰ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿਚ ਸ਼ਿਕਾਇਤ ਕੀਤੀ ਗਈ ਸੀ ਕਿ ਪੁਲਿਸ ਨੇ ਫਾਰੂਕਾਬਾਦ ਦੇ ਸ਼ੇਖੂਪੁਰਾ ਵਿਚ ਉਨ੍ਹਾਂ ਦੇ ਘਰ ਛਾਪਾ ਮਾਰਿਆ ਸੀ ਅਤੇ ਉਨ੍ਹਾਂ ਉਤੇ ਵਿਆਹ ਖਤਮ ਕਰਨ ਲਈ ਦਬਾਅ ਪਾਇਆ ਸੀ। ਐਲ.ਐਚ.ਸੀ. ਦੇ ਜੱਜ ਫਾਰੂਕ ਹੈਦਰ ਨੇ ਪੁਲਿਸ ਨੂੰ ਪਟੀਸ਼ਨਕਰਤਾਵਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਦੇ ਹੁਕਮ ਦਿਤੇ।