Biden: ਬਾਈਡਨ ਨੇ ਈਰਾਨੀ ਮਿਲੀਸ਼ੀਆ ਸਮੂਹਾਂ ’ਤੇ ਹਮਲੇ ਦੇ ਹੁਕਮ ਦਿਤੇ 

ਏਜੰਸੀ

ਖ਼ਬਰਾਂ, ਕੌਮਾਂਤਰੀ

ਈਰਾਨ ਸਮਰਥਿਤ ਮਿਲੀਸ਼ੀਆ ਕਤਾਇਬ ਹਿਜ਼ਬੁੱਲਾ ਅਤੇ ਇਸ ਨਾਲ ਜੁੜੇ ਸਮੂਹਾਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

Biden

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਉੱਤਰੀ ਇਰਾਕ ’ਚ ਡਰੋਨ ਹਮਲੇ ’ਚ ਤਿੰਨ ਅਮਰੀਕੀ ਫੌਜੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਈਰਾਨ ਸਮਰਥਿਤ ਮਿਲੀਸ਼ੀਆ ਸਮੂਹਾਂ ’ਤੇ ਜਵਾਬੀ ਹਮਲੇ ਦੇ ਹੁਕਮ ਦਿਤੇ ਹਨ। ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਐਡਰਿਨ ਵਾਟਸਨ ਨੇ ਕਿਹਾ ਕਿ ਸੋਮਵਾਰ ਨੂੰ ਹੋਏ ਹਮਲੇ ’ਚ ਇਕ ਅਮਰੀਕੀ ਫੌਜੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਈਰਾਨ ਸਮਰਥਿਤ ਮਿਲੀਸ਼ੀਆ ਕਤਾਇਬ ਹਿਜ਼ਬੁੱਲਾ ਅਤੇ ਇਸ ਨਾਲ ਜੁੜੇ ਸਮੂਹਾਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਮਰੀਕੀ ਰਾਸ਼ਟਰਪਤੀ ਨੂੰ ਸੋਮਵਾਰ ਨੂੰ ਹਮਲੇ ਦੀ ਜਾਣਕਾਰੀ ਦਿਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੂੰ ਜਵਾਬੀ ਕਾਰਵਾਈ ਦਾ ਬਦਲ ਅਪਣਾਉਣ ਦਾ ਹੁਕਮ ਦਿਤਾ ਸੀ। ਰੱਖਿਆ ਮੰਤਰੀ ਲੋਇਡ ਆਸਟਿਨ ਅਤੇ ਰਾਸ਼ਟਰੀ ਸੁਰੱਖਿਆ ਟੀਮ ਨੇ ਤੁਰਤ ਇਹ ਯੋਜਨਾ ਬਣਾਈ।

ਬਾਈਡਨ ਨੇ ਬਾਅਦ ਵਿਚ ਕਤਾਇਬ ਹਿਜ਼ਬੁੱਲਾ ਅਤੇ ਇਸ ਨਾਲ ਜੁੜੇ ਸਮੂਹਾਂ ਵਲੋਂ ਵਰਤੇ ਜਾਂਦੇ ਤਿੰਨ ਟਿਕਾਣਿਆਂ ’ਤੇ ਹਮਲੇ ਕਰਨ ਦੇ ਹੁਕਮ ਦਿਤੇ। ਹਮਾਸ ਵਲੋਂ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲਾ ਸ਼ੁਰੂ ਕਰਨ ਤੋਂ ਬਾਅਦ ਖੇਤਰ ’ਚ ਅਮਰੀਕੀ ਫੌਜਾਂ ਵਿਰੁਧ ਵਧਦੇ ਖਤਰੇ ਤੋਂ ਬਾਅਦ ਅਮਰੀਕੀ ਫ਼ੌਜੀਆਂ ’ਤੇ ਤਾਜ਼ਾ ਹਮਲਾ ਹੋਇਆ ਹੈ। ਅਮਰੀਕਾ ਨੇ ਇਸ ਸੱਭ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।