Pakistan Sikh: ਪਾਕਿਸਤਾਨ ਵਲੋਂ ਸਿੱਖਾਂ ਦੀ ਆਸਥਾ ਦੇ ਨਾਂ ’ਤੇ ਵੱਡੀ ਲੁੱਟ, ਵਿਦੇਸ਼ੀ ਸਿੱਖਾਂ ’ਚ ਭਾਰੀ ਰੋਸ!
ਯਾਤਰੀਆਂ ਨੇ ਕਿਹਾ ਕਿ ਅਪਣੇ ਧਾਰਮਕ ਅਸਥਾਨਾਂ ਦੇ ਅੰਦਰ ਜਾਣ ਲਈ ਆਈ ਕਾਰਡ ਪਾਉਣਾ ਪੈਂਦਾ ਹੈ
Pakistan Sikh: ਭਾਰੀ ਆਰਥਕ ਮੰਦੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਵਲੋਂ ਸਿੱਖਾਂ ਦੀ ਆਸਥਾ ਦੇ ਨਾਮ ’ਤੇ ਵੱਡੀ ਲੁੱਟ ਕਰਨ ਦਾ ਸਮਾਚਾਰ ਹੈ। ਇਸ ਕਾਰਨ ਵਿਦੇਸ਼ੀ ਸਿੱਖਾਂ ਵਿਚ ਭਾਰੀ ਰੋਸ ਹੈ। ਲੰਡਨ ਤੋਂ ਪਾਕਿਸਤਾਨ, ਚੜ੍ਹਦੇ ਪੰਜਾਬ, ਦਿੱਲੀ ਭਾਰਤ ਦੀ ਯਾਤਰਾ ਕਰ ਕੇ ਆਏ ਨੌਜਵਾਨਾਂ ਨੇ ਅਪਣੇ ਅਨੁਭਵ ਦਸਦਿਆਂ ਕਿਹਾ ਕਿ ਔਕਾਫ਼ ਬੋਰਡ ਦੇ ਭ੍ਰਿਸ਼ਟ ਅਧਿਕਾਰੀ ਗੁਰਦੁਆਰਾ ਜਨਮ ਅਸਥਾਨ ਸਮੇਤ ਭਾਰਤ ਪਾਕਿਸਤਾਨ ਵਿਚਕਾਰ ਬਣੇ ਸ਼ਾਂਤੀ ਦੇ ਲਾਂਘੇ ਵਿਚ ਮਨਮਰਜ਼ੀ ਕਰਦੇ ਆਮ ਵੇਖੇ ਗਏ।
ਯਾਤਰਾ ਵਿਚ ਗਏ ਬਜ਼ੁਰਗਾਂ, ਔਰਤਾਂ ਨੂੰ ਪਹਿਲੀ ਦੂਜੀ ਮੰਜ਼ਲ ’ਤੇ ਕਮਰੇ ਦਿਤੇ ਜਾਂਦੇ ਹਨ ਜਦੋਂਕਿ ਬਾਕੀ ਯਾਤਰੀ ਕਮਰਿਆਂ ਦੀ ਵੰਡ ਵਿਚ ਪ੍ਰਧਾਨ ਮੰਤਰੀ, ਰਖਿਆ ਮੰਤਰੀ, ਮੁੱਖ ਮੰਤਰੀ, ਫ਼ੌਜ ਦੇ ਅਫ਼ਸਰ , ਔਕਾਫ਼ ਬੋਰਡ ਦੇ ਕੋਟੇ ’ਚੋਂ ਕਮਰੇ ਦਿਤੇ ਜਾਂਦੇ ਹਨ ਜਦੋਂ ਕਿ ਕੁੱਝ ਕੁ ਖ਼ਾਸ ਮੈਂਬਰ ਅਪਣੇ ਕੋਟੇ ਦੇ ਕਮਰਿਆਂ ਦਾ ਹੋਟਲ ਦੇ ਕਮਰਿਆਂ ਵਾਂਗ ਕਿਰਾਇਆ ਵਸੂਲਣ ਦੇ ਚਰਚੇ ਯਾਤਰਾ ਦੌਰਾਨ ਹੁੰਦੇ ਰਹਿੰਦੇ ਹਨ
ਪਰ ਉਹ ਵੀ ਛੋਟੀ ਮੋਟੀ ਜਾਂਚ ’ਤੇ ਗੁਰਪੁਰਬ ਦੀ ਸਮਾਪਤੀ ਤੋਂ ਬਾਅਦ ਗੱਲ ਖ਼ਤਮ ਕਰ ਦਿਤੀ ਜਾਂਦੀ ਹੈ। ਪਾਕਿਸਤਾਨ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਅਪਣੀ ਪਹਿਚਾਣ ਬਣਾਉਣ ਵਿਚ ਅਸਫ਼ਲ ਰਹੀ। ਉਹ ਵੀ ਬਿਕਰਮੀ ਤੇ ਮੂਲ ਨਾਨਕਸਾਹੀ ਕੈਲੰਡਰ ਵਿਚ ਸਿੱਖਾਂ ਨੂੰ ਵੰਡਣ ਦਾ ਕੰਮ ਕਰ ਸਿੱਖ ਇਤਿਹਾਸ ਨੂੰ ਖ਼ਤਮ ਕਰਨ ਵਿਚ ਵੱਡੀ ਭੂਮਿਕਾ ਨਿਭਾਅ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਯਾਤਰੀਆਂ ਨੇ ਕਿਹਾ ਕਿ ਸਿੱਖਾਂ ਤੋਂ ਵਿਛੜੇ ਗੁਰੂਧਾਮਾਂ ਦੇ ਦਰਸ਼ਨ ਦੀਦਾਰ ਲਈ ਨਿਤ ਪ੍ਰਤੀ ਦਿਨ ਅਰਦਾਸ ਕੀਤੀ ਜਾਂਦੀ ਹੈ ਪਰੰਤੂ ਕਰਤਾਰਪੁਰ ਸਾਹਿਬ ਦੇ ਅੰਦਰ ਜਾ ਕੇ ਖੁਲ੍ਹੇ ਦਰਸ਼ਨ ਦੀਦਾਰੇ ਕਰਨ ਲਈ ਪਾਕਿਸਤਾਨ ਸਰਕਾਰ ਨੇ ਗੁਰਦਵਾਰੇ ਦੀ ਦੇਖ ਭਾਲ ਦੇ ਨਾਮ ’ਤੇ ਹਰ ਵਿਅਕਤੀ ਤੋਂ ਪੰਦਰਾਂ ਸੌ ਰੁਪਏ ਵਸੂਲੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਤੋਂ ਆਉਣ ਵਾਲਿਆਂ ਤੋਂ ਲਾਂਘੇ ਦੇ 15 ਸੌ ਰੁਪਏ ਵਸੂਲੇ ਜਾਂਦੇ ਹਨ ਤੇ ਵਿਦੇਸ਼ੀ ਧਰਤੀ ਤੋਂ ਆਉਣ ਵਾਲੇ ਯਾਤਰੀਆਂ ਤੋਂ ਵੱਖ ਵੱਖ ਦੇਸ਼ਾਂ ਦੀ ਵੀਜ਼ਾ ਫ਼ੀਸ ਤੋਂ ਇਲਾਵਾ 15 ਸੌ ਰੁਪਏ ਦਾ ਵਾਧੂ ਟੈਕਸ ਮੰਗਿਆ ਜਾ ਰਿਹਾ ਹੈ ਜਿਸ ਕਾਰਨ ਵਿਦੇਸ਼ੀ ਸਿੱਖਾਂ ਵਿਚ ਭਾਰੀ ਰੋਸ ਹੈ। ਗੁਰਦਵਾਰੇ ਸਾਹਿਬ ਦੀ ਹਦੂਦ ਅੰਦਰ ਪਿੰਨੀਆ ਦਾ ਪਰਸ਼ਾਦ ਦੇਣ ਵਾਲੇ ਤਮਾਕੂ ਦਾ ਸੇਵਨ ਕਰਦੇ ਹਨ ਜੋ ਜ਼ਿਆਦਾਤਰ ਦੂਜੇ ਧਰਮ ਦੇ ਲੋਕਾਂ ਹਨ ਜੋ ਕਈ ਥਾਵਾਂ ’ਤੇ ਟੋਪੀ ਪਾਉਂਦੇ ਹਨ ਜਾਂ ਨੰਗੇ ਸਿਰ ਘੁੰਮਦੇ ਵੇਖੇ ਜਾ ਸਕਦੇ ਹਨ।
ਯਾਤਰੀਆਂ ਨੇ ਕਿਹਾ ਕਿ ਅਪਣੇ ਧਾਰਮਕ ਅਸਥਾਨਾਂ ਦੇ ਅੰਦਰ ਜਾਣ ਲਈ ਆਈ ਕਾਰਡ ਪਾਉਣਾ ਪੈਂਦਾ ਹੈ ਜਦੋਂ ਕਿ ਗੁਰਦਵਾਰੇ ਦੇ ਅੰਦਰ ਤੇ ਬਾਹਰ ਚਿੱਟੇ ਕਪੜਿਆਂ ਵਿਚ ਪੁਲਿਸ ਹਰ ਇਕ ਵਿਅਕਤੀ ਨਾਲ ਤਸਵੀਰਾਂ ਖਿਚਵਾਉਂਦੀ ਫਿਰਦੀ ਹੈ। ਯਾਤਰੀਆਂ ਮੁਤਾਬਕ ਔਕਾਫ਼ ਬੋਰਡ ਪਾਕਿਸਤਾਨ ਦੇ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਉਪਰ ਕੰਮ ਕਰਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਪੰਜਾਬ ਦੇ ਗੁਰਦਵਾਰਿਆਂ ਵਿਚ ਯਾਤਰੀਆਂ ਦੀ ਸਹੂਲਤ ਨਾਲ ਮਾਂ ਬੋਲੀ ਪੰਜਾਬੀ ਨੂੰ ਪਹਿਲ ਦੇ ਆਧਾਰ ’ਤੇ ਲਿਖਿਆ ਗਿਆ ਪਰੰਤੂ ਪਾਕਿਸਤਾਨ ਵਿਚ ਉਸ ਨੂੰ ਤੀਸਰਾ ਅਸਥਾਨ ਦਿਤਾ ਗਿਆ ਹੈ। ਪੰਦਰਾਂ ਸੌ ਰੁਪਏ ਯਾਤਰੀ ਟੈਕਸ ਸਬੰਧੀ ਪਾਕਿ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਨੇ ਅਪਣਾ ਨਾਮ ਨਾ ਛਾਪਣ ਦੀ ਸੂਰਤ ਵਿਚ ਦਸਿਆ ਕਿ ਪ੍ਰਬੰਧਕ ਕਮੇਟੀ ਨਾਂ ਦੀ ਕਮੇਟੀ ਹੈ ਪਰ ਹਰ ਕੰਮ ਔਕਾਫ਼ ਬੋਰਡ ਦੇ ਹੁਕਮਾਂ ਤੋਂ ਬਗ਼ੈਰ ਕੱੁਝ ਨਹੀ ਹੁੰਦਾ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਹਦੂਦ ਵਿਚ ਦਾਖ਼ਲ ਹੋਣ ਸਬੰਧੀ ਲੱਗੇ ਟੈਕਸ ਸਬੰਧੀ ਕਿਸੇ ਵੀ ਮੌਜੂਦਾ ਮੈਂਬਰ ਨੇ ਇਤਰਾਜ਼ ਨਹੀਂ ਕੀਤਾ ਅਤੇ ਨਾ ਹੀ ਵਿਦੇਸ਼ਾਂ ਤੋਂ ਜਥੇ ਲੈ ਕੇ ਆਉਂਦੇ ਜਥੇਦਾਰਾਂ ਨੇ ਇਸ ਸਬੰਧੀ ਕੋਈ ਇਤਰਾਜ਼ ਜਤਾਇਆ ਗਿਆ। ਇਕ ਅੰਦਾਜ਼ੇ ਮੁਤਾਬਕ ਦਸ ਹਜ਼ਾਰ ਦੇ ਕਰੀਬ ਸੰਗਤਾਂ ਰੋਜ਼ਾਨਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਅਤੇ ਉਨ੍ਹਾਂ ਕੋਲੋਂ ਤਕਰੀਬਨ ਡੇਢ ਕਰੋੜ ਰੁਪਾਇਆ ਟੈਕਸ ਰਾਹੀਂ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਸੰਗਤਾਂ ਵਲੋਂ ਸ਼ਰਧਾ ਮੁਤਾਬਕ ਗੋਲਕ ਵਿਚ ਪਾਏ ਜਾਂਦੇ ਗੁਪਤ ਦਾਨ ਦੀ ਕੋਈ ਸੀਮਾ ਨਹੀਂ। ਵਿਦੇਸ਼ੀ ਯਾਤਰੀਆਂ ਨੇ ਔਕਾਫ਼ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਪੀਲ ਕਰਨ ਜੇ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਪਵਿੱਤਰਤਾ ਤੇ ਸੇਵਾ ਸੰਭਾਲ ਲਈ ਰੁਪਏ ਦੀ ਲੋੜ ਹੈ ਤਾਂ ਸਮੁੱਚੀ ਸਿੱਖ ਕੌਮ ਪਾਕਿਸਤਾਨ ਵਿਚ ਰੁਪਾਇਆ ਦੇ ਢੇਰ ਲਾ ਦੇਵੇਗੀ।
(For more news apart from Pakistan Sikh, stay tuned to Rozana Spokesman)