Bangladesh News: ਬੰਗਲਾਦੇਸ਼ ’ਚ ਹਿੰਦੂਆ ਦੇ ਬਾਅਦ ਹੁਣ ਇਸਾਈਆਂ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ
Bangladesh News: ਦੂਜੇ ਪਿੰਡ ’ਚ ਕ੍ਰਿਸਮਸ ਮਨਾਉਣ ਗਏ ਇਸਾਈਆਂ ਦੇ 17 ਘਰਾਂ ਨੂੰ ਲਾਈ ਅੱਗ
Banglasesh News: ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਜਿੱਥੇ ਪਹਿਲਾਂ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਉੱਥੇ ਹੀ ਹੁਣ ਬੰਗਲਾਦੇਸ਼ ’ਚ ਰਹਿ ਰਹੇ ਹੋਰ ਘੱਟ ਗਿਣਤੀ ਸਮੂਹਾਂ ਵਿਰੁਧ ਵੀ ਹਿੰਸਾ ਸ਼ੁਰੂ ਹੋ ਗਈ ਹੈ। ਇਹ ਤਾਜ਼ਾ ਘਟਨਾ ਕ੍ਰਿਸਮਸ ਵਾਲੇ ਦਿਨ ਉਸ ਸਮੇਂ ਵਾਪਰੀ ਜਦੋਂ ਇਸਾਈ ਭਾਈਚਾਰੇ ਦੇ ਲੋਕ ਦੂਜੇ ਪਿੰਡ ਵਿਚ ਕ੍ਰਿਸਮਸ ਮਨਾਉਣ ਗਏ ਸਨ। ਕ੍ਰਿਸਮਸ ਵਾਲੇ ਦਿਨ ਬੰਦਰਬਨ ਵਿਚ ਇਸਾਈ ਤ੍ਰਿਪੁਰਾ ਭਾਈਚਾਰੇ ਦੇ 17 ਘਰਾਂ ਨੂੰ ਅੱਗ ਲਗਾ ਕੇ ਸਾੜ ਦਿਤਾ ਗਿਆ।
ਬਦਮਾਸ਼ ਘਰਾਂ ਨੂੰ ਅੱਗ ਲਗਾ ਕੇ ਫ਼ਰਾਰ ਹੋ ਗਏ। ਅਗਜ਼ਨੀ ਦੀ ਇਹ ਘਟਨਾ ਲਾਮਾ ਉਪਜ਼ਿਲੇ੍ਹ ਦੇ ਸਰਾਏ ਯੂਨੀਅਨ ਦੇ ਨੋਟਨ ਟੋਂਗਝਰੀ ਤ੍ਰਿਪੁਰਾ ਪਾੜਾ ’ਚ ਵਾਪਰੀ। ਦਰਅਸਲ, ਬਦਮਾਸ਼ਾਂ ਨੇ ਉਨ੍ਹਾਂ ਘਰਾਂ ਨੂੰ ਉਸ ਸਮੇਂ ਅੱਗ ਲਗਾ ਦਿਤੀ ਜਦੋਂ ਉਹ ਲੋਕ ਕ੍ਰਿਸਮਸ ਮਨਾਉਣ ਲਈ ਦੂਜੇ ਪਿੰਡ ਗਏ ਹੋਏ ਸਨ, ਕਿਉਂਕਿ ਉਨ੍ਹਾਂ ਦੇ ਇਲਾਕੇ ਵਿਚ ਕੋਈ ਚਰਚ ਨਹੀਂ ਸੀ। ਮੁੱਖ ਸਲਾਹਕਾਰ ਦੇ ਪ੍ਰੈੱਸ ਵਿੰਗ ਨੇ ਤ੍ਰਿਪੁਰਾ ਭਾਈਚਾਰੇ ਦੇ ਘਰਾਂ ਨੂੰ ਅੱਗ ਲਾਉਣ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ।
ਸਥਾਨਕ ਲੋਕਾਂ ਨੇ ਦਸਿਆ ਕਿ ਤ੍ਰਿਪੁਰਾ ਭਾਈਚਾਰੇ ਦੇ 19 ਘਰਾਂ ’ਚੋਂ 17 ਘਰ ਸੜ ਕੇ ਸੁਆਹ ਹੋ ਗਏ। ਉਨ੍ਹਾਂ ਦਸਿਆ ਕਿ ਇਸ ਇਲਾਕੇ ਵਿਚ ਲੰਮੇ ਸਮੇਂ ਤੋਂ ਤ੍ਰਿਪੁਰਾ ਭਾਈਚਾਰੇ ਦੇ ਲੋਕ ਰਹਿੰਦੇ ਸਨ। ਪਰ ਕੁਝ ਸਾਲ ਪਹਿਲਾਂ ਲੋਕਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਬੇਦਖ਼ਲ ਕਰ ਦਿਤਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਇਲਾਕਾ ਅਵਾਮੀ ਲੀਗ ਦੇ ਸ਼ਾਸਨ ਦੌਰਾਨ ਇਕ ਪੁਲਿਸ ਅਧਿਕਾਰੀ ਦੀ ਪਤਨੀ ਨੂੰ ਲੀਜ਼ ’ਤੇ ਦਿਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਪਿੰਡ ਵਿਚ ਰੁੱਖ ਲਗਾਏ।
ਨਿਊ ਬੇਟਾਚਾਰਾ ਪਾੜਾ ਪਿੰਡ ਦੇ ਲੋਕਾਂ ਨੇ ਦਸਿਆ ਕਿ ਪਿਛਲੇ ਮਹੀਨੇ 17 ਨਵੰਬਰ ਨੂੰ ਬਦਮਾਸ਼ਾਂ ਨੇ ਉਨ੍ਹਾਂ ਨੂੰ ਪਿੰਡ ਖ਼ਾਲੀ ਕਰਨ ਦੀ ਧਮਕੀ ਦਿਤੀ ਸੀ। ਇਸ ’ਤੇ ਗੰਗਾ ਮਨੀ ਤ੍ਰਿਪੁਰਾ ਨਾਂ ਦੇ ਵਿਅਕਤੀ ਨੇ ਲਾਮਾ ਥਾਣੇ ’ਚ 15 ਦੋਸ਼ੀਆਂ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਬਾਵਜੂਦ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਘਰ ਸੜ ਜਾਣ ਤੋਂ ਬਾਅਦ ਪੀੜਤ ਪਰਵਾਰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹੈ। ਗੰਗਾ ਮਨੀ ਤ੍ਰਿਪੁਰਾ ਨੇ ਕਿਹਾ, ‘ਸਾਡੇ ਘਰ ਪੂਰੀ ਤਰ੍ਹਾਂ ਸੜ ਗਏ ਹਨ। ਸਾਡੇ ਕੋਲ ਹੁਣ ਕੁਝ ਨਹੀਂ ਬਚਿਆ।’
ਨੋਟਨ ਟੋਂਗਝਿੜੀ ਪਾੜਾ ਦੇ ਮੁਖੀ ਪੈਸੇਪੂ ਤ੍ਰਿਪੁਰਾ ਨੇ ਕਿਹਾ ਕਿ ਅਸੀਂ ਇੱਥੇ ਤਿੰਨ-ਚਾਰ ਪੀੜ੍ਹੀਆਂ ਤੋਂ ਰਹਿ ਰਹੇ ਹਾਂ। ਅਪਣੇ ਆਪ ਨੂੰ ‘ਐਸਪੀ ਦੇ ਬੰਦੇ’ ਕਹਾਉਣ ਵਾਲੇ ਲੋਕਾਂ ਦੇ ਇਕ ਸਮੂਹ ਨੇ ਸਾਨੂੰ ਚਾਰ-ਪੰਜ ਸਾਲ ਪਹਿਲਾਂ ਬੇਦਖ਼ਲ ਕਰ ਦਿਤਾ ਸੀ। ਸਥਾਨਕ ਲੋਕਾਂ ਨੂੰ ਦਸਿਆ ਕਿ ਉਸ ਸਮੇਂ ਬੇਨਜ਼ੀਰ ਅਹਿਮਦ ਪੁਲਿਸ ਦੇ ਇੰਸਪੈਕਟਰ ਜਨਰਲ ਸਨ। ਇਹ ਇਲਾਕਾ ਉਸ ਨੇ ਅਪਣੀ ਪਤਨੀ ਦੇ ਨਾਂ ’ਤੇ ਲੀਜ਼ ’ਤੇ ਦਿਤਾ ਸੀ। ਅਵਾਮੀ ਲੀਗ ਸ਼ਾਸਨ ਦੇ ਪਤਨ ਤੋਂ ਬਾਅਦ, ਵਸਨੀਕ ਵਾਪਸ ਆ ਗਏ ਅਤੇ ਉੱਥੇ ਨਵੇਂ ਬਣੇ ਮਕਾਨਾਂ ਵਿਚ ਰਹਿਣ ਲੱਗ ਪਏ। ਸੀਏ ਦੇ ਪ੍ਰੈੱਸ ਵਿੰਗ ਨੇ ਬੰਦਰਬਨ ਪੁਲਿਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਘਟਨਾ ਦੇ ਸਬੰਧ ਵਿਚ ਐਫ਼ਆਈਆਰ ਦਰਜ ਕੀਤੀ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਡਿਪਟੀ ਕਮਿਸ਼ਨਰ ਪਿੰਡ ਦਾ ਦੌਰਾ ਕਰਨਗੇ।