ਨਵਾਜ਼ ਸ਼ਰੀਫ ਨੂੰ ਮੈਡੀਕਲ ਆਧਾਰ 'ਤੇ ਜ਼ਮਾਨਤ ਦੇਣ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ਰੀਫ ਦੇ ਵਕੀਲ ਖਵਾਜ਼ਾ ਹੈਰਿਸ ਨੇ ਇਸਲਾਮਾਬਾਦ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕਰ ਕੇ ਉਹਨਾਂ ਨੂੰ ਜ਼ਮਾਨਤ ਦੇਣ ਦੀ ਬੇਨਤੀ ਕੀਤੀ।

Nawaz Sharif

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਕੀਲ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕਰ ਕੇ ਉਸ ਦੀ ਸਜ਼ਾ ਨੂੰ ਮੁਅੱਤਲ ਕਰ ਕੇ ਮੈਡੀਕਲ ਆਧਾਰ 'ਤੇ ਜ਼ਮਾਨਤ ਦੇਣ ਦੀ ਅਪੀਲ ਕੀਤੀ ਹੈ। ਸ਼ਰੀਫ ਲਾਹੌਰ ਦੀ ਕੋਟ ਲਖ਼ਪਤ ਜੇਲ ਵਿਚ ਬੰਦ ਹਨ। ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਬੀਤੀ 24 ਦਸੰਬਰ ਨੂੰ ਜਵਾਬਦੇਹ ਅਦਾਲਤ ਨੇ ਸ਼ਰੀਫ ਨੂੰ 7 ਸਾਲ ਦੀ ਸਜ਼ਾ ਸੁਣਾਈ ਸੀ।

ਸ਼ਰੀਫ ਦੇ ਵਕੀਲ ਖਵਾਜ਼ਾ ਹੈਰਿਸ ਨੇ ਇਸਲਾਮਾਬਾਦ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕਰ ਕੇ ਉਹਨਾਂ ਨੂੰ ਜ਼ਮਾਨਤ ਦੇਣ ਦੀ ਬੇਨਤੀ ਕੀਤੀ। ਸ਼ਰੀਫ ਦੀ ਸਜ਼ਾ ਨੂੰ ਮੁਅੱਤਲ ਕਰਨ ਅਤੇ ਉਹਨਾਂ ਨੂੰ ਦੋਸ਼ੀ ਠਹਿਰਾਏ ਜਾਣ ਵਿਰੁਧ ਇਸ ਅਦਾਲਤ ਵਿਚ ਪਹਿਲਾਂ ਤੋਂ ਹੀ ਪਟੀਸ਼ਨਾਂ ਦਾਖਲ ਹਨ। ਅਦਾਲਤ ਨੇ ਪਹਿਲਾਂ ਹੀ ਪਟੀਸ਼ਨਾਂ ਦੀ ਸੁਣਵਾਈ ਲਈ 18 ਫਰਵਰੀ ਦੀ ਤਰੀਕ ਨਿਰਧਾਰਤ ਕੀਤੀ ਸੀ। 

ਪਰ ਸ਼ਰੀਫ ਦੀ ਕਾਨੂੰਨੀ ਟੀਮ ਨੇ ਅਦਾਲਤ ਵਿਚ ਛੇਤੀ ਸੁਣਵਾਈ ਦੀ ਬੇਨਤੀ ਕੀਤੀ ਹੈ। ਦੱਸ ਦਈਏ ਕਿ ਸ਼ਰੀਫ ਦੀ ਬੇਟੀ ਮਰਿਅਮ ਨਵਾਜ਼ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਦਿਲ ਦੀ ਬੀਮਾਰੀ ਨਾਲ ਪੀੜਤ ਹਨ ਅਤੇ ਉਹਨਾਂ ਦੀ ਸਿਹਤ ਖਰਾਬ ਹੈ। ਅਜਿਹੇ ਵਿਚ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਏ ਜਾਣ ਦੀ ਲੋੜ ਹੈ। ਉਹਨਾਂ ਦੀ ਸਿਹਤ ਦੀ ਜਾਂਚ ਲਈ ਸਰਕਾਰ ਵੱਲੋ ਬਣਾਈ ਗਈ

ਮਾਹਿਰਾਂ ਦੀ ਟੀਮ ਦੇ ਇਕ ਪੈਨਲ ਨੇ ਵੀ ਉਹਨਾਂ ਨੂੰ ਲੋੜੀਂਦੀ ਮੈਡੀਕਲ ਮਦਦ ਮੁਹੱਈਆ ਕਰਵਾਏ ਜਾਣ ਦੀ ਅਪੀਲ ਕੀਤੀ ਸੀ। ਸਤੰਬਰ 2017 ਵਿਚ ਸ਼ੁਰੂ ਕੀਤੇ ਗਏ ਤਿੰਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸ਼ਰੀਫ ਤੇ ਮੁਕੱਦਮਾ ਚਲਾਇਆ ਗਿਆ ਸੀ। ਉਹਨਾਂ ਨੂੰ ਲੰਡਨ ਵਿਚ ਏਵਨਫੀਲਡ ਦੀ ਜਾਇਦਾਦ ਨਾਲ ਜੁੜੇ ਇਕ ਮਾਮਲੇ ਵਿਚ ਪਿਛਲੇ ਸਾਲ ਜੁਲਾਈ ਵਿਚ ਦੋਸ਼ੀ ਠਹਿਰਾਏ

ਜਾਨ ਤੋਂ ਬਾਅਦ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸਲਾਮਾਬਾਦ ਹਾਈ ਕੋਰਟ ਨੇ ਉਹਨਾਂ ਨੂੰ ਸਤੰਬਰ ਵਿਚ ਇਸ ਮਾਮਲੇ ਵਿਚ ਜ਼ਮਾਨਤ ਦਿਤੀ ਸੀ। ਉਹਨਾਂ ਨੂੰ ਅਲ ਅਜ਼ੀਜੀਆ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਪਰ ਦਸੰਬਰ ਵਿਚ ਫਲੈਗਸ਼ਿਪ ਨਿਵੇਸ਼ ਮਾਮਲੇ ਵਿਚ ਬਰੀ ਕਰ ਦਿਤਾ ਗਿਆ ਸੀ। ਇਹ ਮਾਮਲਾ ਸੁਪਰੀਮ ਕੋਰਟ ਦੇ ਹੁਕਮ 'ਤੇ ਸ਼ੁਰੂ ਕੀਤੇ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਜੁਲਾਈ 2017 ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ।