ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਉਦਯੋਗਿਕ ਖੇਤਰ ਵਿਚ ਤਰਲ ਪੈਟਰੋਲੀਅਮ ਗੈਸ ਲੈ ਕੇ ਜਾ ਰਹੇ ਇਕ ਟੈਂਕਰ ਵਿਚ ਧਮਾਕਾ ਹੋ ਗਿਆ। ਇਸ ਦੌਰਾਨ ਹਾਦਸੇ ਵਿਚ ਇਕ ਨਾਬਾਲਗ ਲੜਕੀ ਸਮੇਤ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ 31 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿਤੀ।
ਬਚਾਅ ਅਧਿਕਾਰੀਆਂ ਅਨੁਸਾਰ ਇਹ ਘਟਨਾ ਮੁਲਤਾਨ ਦੇ ਹਾਮਿਦਪੁਰ ਕਨੋਰਾ ਇਲਾਕੇ ਵਿਚ ਸਥਿਤ ਇੰਡਸਟਰੀਅਲ ਅਸਟੇਟ ਵਿਚ ਵਾਪਰੀ। ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ, ਸੋਮਵਾਰ ਨੂੰ ਇਕ ਐਲਪੀਜੀ ਟੈਂਕਰ ਵਿਚ ਹੋਏ ਧਮਾਕੇ ਕਾਰਨ ਭਾਰੀ ਅੱਗ ਲੱਗ ਗਈ ਕਿਉਂਕਿ ਨੁਕਸਾਨੇ ਗਏ ਵਾਹਨ ਦਾ ਮਲਬਾ ਨੇੜਲੇ ਰਿਹਾਇਸ਼ੀ ਇਲਾਕਿਆਂ ’ਤੇ ਡਿੱਗ ਪਿਆ, ਜਿਸ ਕਾਰਨ ਭਾਰੀ ਨੁਕਸਾਨ ਹੋਇਆ।
ਬਚਾਅ ਅਧਿਕਾਰੀਆਂ ਨੇ ਦਸਿਆ ਕਿ ਦਸ ਤੋਂ ਵੱਧ ਫ਼ਾਇਰ ਗੱਡੀਆਂ ਅਤੇ ਫ਼ੋਮ-ਅਧਾਰਤ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਧਮਾਕੇ ’ਚ ਸ਼ੁਰੂ ਵਿਚ ਕੁੱਲ੍ਹ ਪੰਜ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸੀ। ਹਾਲਾਂਕਿ, ਬਚਾਅ ਅਧਿਕਾਰੀਆਂ ਵਲੋਂ ਧਮਾਕੇ ਨਾਲ ਨੁਕਸਾਨੇ ਗਏ ਇਕ ਘਰ ਵਿਚੋਂ ਇੱਕ ਹੋਰ ਲਾਸ਼ ਬਰਾਮਦ ਕਰਨ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ।
ਪੁਲਿਸ ਨੇ ਦਸਿਆ ਕਿ ਧਮਾਕੇ ਵਾਲੀ ਥਾਂ ਦੇ ਆਲੇ-ਦੁਆਲੇ ਘੱਟੋ-ਘੱਟ 20 ਘਰ ਪੂਰੀ ਤਰ੍ਹਾਂ ਮਲਬੇ ਵਿਚ ਢਹਿ ਗਏ, ਜਦੋਂ ਕਿ 70 ਘਰ ਅੰਸ਼ਕ ਤੌਰ ’ਤੇ ਨੁਕਸਾਨੇ ਗਏ। ਮੁਲਤਾਨ ਸ਼ਹਿਰ ਦੇ ਪੁਲਿਸ ਅਧਿਕਾਰੀ (ਸੀਪੀਓ) ਨੇ ਕਿਹਾ ਕਿ ਅੱਗ ਵਿਚ ਕਈ ਘਰ ਤਬਾਹ ਹੋ ਗਏ ਅਤੇ ਪਸ਼ੂ ਵੀ ਮਾਰੇ ਗਏ। ਉਨ੍ਹਾਂ ਕਿਹਾ ਕਿ ਇੰਡਸਟਰੀਅਲ ਅਸਟੇਟ ਵਿਚ ਖੜ੍ਹੇ ਇਕ ਟੈਂਕਰ ਟਰੱਕ ਦੇ ਵਾਲਵ ਵਿਚੋਂ ਗੈਸ ਲੀਕ ਹੋ ਰਹੀ ਸੀ।
ਉਨ੍ਹਾਂ ਕਿਹਾ ਕਿ ਟੈਂਕਰ ਦੇ ਫ਼ਟਣ ਤੋਂ ਪਹਿਲਾਂ ਹੀ ਇਲਾਕੇ ’ਚ ਮੌਜੂਦ ਕੁਝ ਲੋਕ ਗੈਸ ਦੀ ਬਦਬੂ ਆਉਣ ਤੋਂ ਬਾਅਦ ਬਾਹਰ ਆ ਗਏ ਸਨ। ਇਸ ਤੋਂ ਇਲਾਵਾ, ਇਹ ਦੱਸਿਆ ਗਿਆ ਕਿ ਟੈਂਕਰ ਵਿੱਚੋਂ ਅਜੇ ਵੀ ਗੈਸ ਲੀਕ ਹੋ ਰਹੀ ਹੈ, ਜਿਸ ਕਾਰਨ ਅਧਿਕਾਰੀਆਂ ਨੂੰ ਇਲਾਕਾ ਖਾਲੀ ਕਰਨਾ ਪਿਆ। ਜ਼ਖ਼ਮੀਆਂ ਵਿਚੋਂ 13 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜ਼ਿਲ੍ਹਾ ਐਮਰਜੈਂਸੀ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਨਿਸ਼ਤਰ ਹਸਪਤਾਲ ਵਿਚ ਐਮਰਜੈਂਸੀ ਘੋਸ਼ਿਤ ਕਰ ਦਿਤੀ ਗਈ ਹੈ, ਜਿੱਥੇ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਬਾਅਦ ਵਿਚ ਖੁਲਾਸਾ ਕੀਤਾ ਕਿ ਉਸ ਜਗ੍ਹਾ ਦੀ ਪਛਾਣ ਇਕ ਗੈਰ-ਕਾਨੂੰਨੀ ਐਲਪੀਜੀ ਰੀਫ਼ਿਲਿੰਗ ਗੋਦਾਮ ਵਜੋਂ ਕੀਤੀ ਗਈ ਸੀ ਤੇ ਧਮਾਕਾ ਰੀਫ਼ਿਲਿੰਗ ਕਾਰਜ ਦੌਰਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਐਲਪੀਜੀ ਨੂੰ ਇਕ ਵੱਡੇ ਗੈਸ ਬਾਊਜ਼ਰ ਤੋਂ ਛੋਟੇ ਬਾਊਜ਼ਰਾਂ ਅਤੇ ਸਾਈਟ ’ਤੇ ਵਪਾਰਕ ਸਿਲੰਡਰਾਂ ਵਿਚ ਤਬਦੀਲ ਕੀਤਾ ਜਾ ਰਿਹਾ ਸੀ।