ਜੰਗਬੰਦੀ ਮਗਰੋਂ ਪਹਿਲੀ ਵਾਰ ਫਲਸਤੀਨੀਆਂ ਨੂੰ ਉੱਤਰੀ ਗਾਜ਼ਾ ਪਰਤਣ ਦੀ ਮਿਲੀ ਇਜਾਜ਼ਤ
ਜੰਗ ਕਾਰਨ ਗਾਜ਼ਾ ਪੱਟੀ ਦਾ ਉੱਤਰੀ ਖੇਤਰ ਬੁਰੀ ਤਰ੍ਹਾਂ ਹੋ ਚੁੱਕਿਐ ਤਬਾਹ
ਦੀਰ ਅਲ-ਬਲਾ : ਇਜ਼ਰਾਈਲ ਨੇ ਵੀਰਵਾਰ ਨੂੰ ਕਿਹਾ ਕਿ ਹਮਾਸ ਨਾਲ 15 ਮਹੀਨਿਆਂ ਦੀ ਜੰਗ ਮਗਰੋਂ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਫਲਸਤੀਨੀਆਂ ਨੂੰ ਗਾਜ਼ਾ ਪੱਟੀ ਦੇ ਉੱਤਰੀ ਖੇਤਰ ਵਿਚ ਵਾਪਸ ਜਾਣ ਦੀ ਇਜਾਜ਼ਤ ਦਿਤੀ ਗਈ ਹੈ। ਇਸ ਜੰਗ ਕਾਰਨ ਗਾਜ਼ਾ ਪੱਟੀ ਦਾ ਉੱਤਰੀ ਖੇਤਰ ਬੁਰੀ ਤਰ੍ਹਾਂ ਤਬਾਹ ਹੋ ਗਿਆ ਹੈ।
ਹਜ਼ਾਰਾਂ ਫਿਲਸਤੀਨੀ, ਜੋ ਅਪਣੇ ਖੇਤਰ ’ਚ ਵਾਪਸ ਜਾਣ ਲਈ ਕਈ ਦਿਨਾਂ ਤੋਂ ਉਡੀਕ ਕਰ ਰਹੇ ਸਨ, ਸੋਮਵਾਰ ਨੂੰ ਉੱਤਰ ਵਲ ਵਧੇ। ਐਸੋਸੀਏਟਿਡ ਪ੍ਰੈਸ ਦੇ ਪੱਤਰਕਾਰਾਂ ਨੇ ਸਵੇਰੇ 7 ਵਜੇ ਤੋਂ ਥੋੜ੍ਹੀ ਦੇਰ ਬਾਅਦ ਲੋਕਾਂ ਨੂੰ ਕਥਿਤ ਨੇਤਜਾਰਿਮ ਕੋਰੀਡੋਰ ਪਾਰ ਕਰਦੇ ਵੇਖਿਆ, ਜਦੋਂ ਚੈੱਕਪੁਆਇੰਟ ਖੋਲ੍ਹਿਆ ਗਿਆ।
ਹਮਾਸ ਅਤੇ ਇਜ਼ਰਾਈਲ ਵਿਚਾਲੇ ਵਿਵਾਦ ਕਾਰਨ ਉੱਤਰੀ ਖੇਤਰ ਵਿਚ ਵਾਪਸੀ ਵਿਚ ਦੇਰੀ ਹੋਈ। ਇਜ਼ਰਾਈਲ ਨੇ ਅਤਿਵਾਦੀ ਸਮੂਹ ’ਤੇ ਸੈਂਕੜੇ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਨੂੰ ਬਦਲਣ ਦਾ ਦੋਸ਼ ਲਾਇਆ ਹੈ। ਹਾਲਾਂਕਿ, ਵਾਰਤਾਕਾਰਾਂ ਨੇ ਦੇਰ ਰਾਤ ਵਿਵਾਦ ਨੂੰ ਸੁਲਝਾ ਲਿਆ।
ਜੰਗਬੰਦੀ ਦਾ ਉਦੇਸ਼ ਇਜ਼ਰਾਈਲ ਅਤੇ ਹਮਾਸ ਵਿਚਾਲੇ ਹੁਣ ਤਕ ਦੀ ਸੱਭ ਤੋਂ ਘਾਤਕ ਅਤੇ ਵਿਨਾਸ਼ਕਾਰੀ ਜੰਗ ਨੂੰ ਖਤਮ ਕਰਨਾ ਅਤੇ 7 ਅਕਤੂਬਰ, 2023 ਨੂੰ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਅਤਿਵਾਦੀਆਂ ਵਲੋਂ ਕੀਤੇ ਗਏ ਹਮਲੇ ਵਿਚ ਫੜੇ ਗਏ ਕਈ ਬੰਧਕਾਂ ਦੀ ਰਿਹਾਈ ਨੂੰ ਯਕੀਨੀ ਬਣਾਉਣਾ ਹੈ। ਇਸ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਵਿਰੁਧ ਜੰਗ ਸ਼ੁਰੂ ਕਰ ਦਿਤੀ ਸੀ।
ਜੰਗ ਦੇ ਸ਼ੁਰੂਆਤੀ ਦਿਨਾਂ ’ਚ, ਇਜ਼ਰਾਈਲ ਨੇ ਉੱਤਰੀ ਖੇਤਰ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦਾ ਹੁਕਮ ਦਿਤਾ ਅਤੇ ਜ਼ਮੀਨੀ ਫ਼ੌਜੀਆਂ ਦੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਇਸ ਨੂੰ ਸੀਲ ਕਰ ਦਿਤਾ। ਅਕਤੂਬਰ 2023 ’ਚ, ਲਗਭਗ 10 ਲੱਖ ਲੋਕ ਦੱਖਣ ਵਲ ਚਲੇ ਗਏ ਅਤੇ ਉਨ੍ਹਾਂ ਨੂੰ ਪਰਤਣ ਦੀ ਇਜਾਜ਼ਤ ਨਹੀਂ ਦਿਤੀ ਗਈ। ਲੱਖਾਂ ਲੋਕ ਉੱਤਰੀ ਖੇਤਰ ’ਚ ਰਹੇ, ਜਿੱਥੇ ਜੰਗ ਦੌਰਾਨ ਸੱਭ ਤੋਂ ਭਿਆਨਕ ਲੜਾਈ ਅਤੇ ਸੱਭ ਤੋਂ ਭਿਆਨਕ ਤਬਾਹੀ ਹੋਈ ਸੀ।