US News: ਗੁਰਦੁਆਰਿਆਂ ’ਚ ਦਾਖ਼ਲ ਹੋਈ ਅਮਰੀਕੀ ਪੁਲਿਸ; ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ ਕੀਤੀ ਕਾਰਵਾਈ, ਸਿੱਖ ਜਥੇਬੰਦੀਆਂ ਨੇ ਪ੍ਰਗਟਾਇਆ ਇਤਰਾਜ਼

ਏਜੰਸੀ

ਖ਼ਬਰਾਂ, ਕੌਮਾਂਤਰੀ

US News: ਸਿੱਖ ਜਥੇਬੰਦੀਆਂ ਨੇ ਕਾਰਵਾਈ ਨੂੰ ਦਸਿਆ ਧਰਮ ਦੀ ਪਵਿੱਤਰਤਾ ਲਈ ਖ਼ਤਰਾ

US police enter gurdwaras; action taken against illegal immigrants, Sikh organizations express objection

 

US News:  ਅਮਰੀਕਾ ’ਚ ਗ੍ਰਹਿ ਮੰਤਰਾਲੇ ਦੇ ਸੁਰੱਖਿਆ ਅਧਿਕਾਰੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਜਾਂਚ ’ਚ ਲੱਗੇ ਹੋਏ ਹਨ। ਇਸੇ ਲੜੀ ਤਹਿਤ ਉਨ੍ਹਾਂ ਨਿਊਯਾਰਕ ਅਤੇ ਨਿਊਜਰਸੀ ਦੇ ਗੁਰਦੁਆਰਿਆਂ ਦਾ ਦੌਰਾ ਕੀਤਾ, ਜਿਸ ’ਤੇ ਕੁਝ ਸਿੱਖ ਜਥੇਬੰਦੀਆਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਹੈ। ਸਿੱਖ ਜਥੇਬੰਦੀਆਂ ਨੇ ਅਜਿਹੀ ਕਾਰਵਾਈ ਨੂੰ ਉਨ੍ਹਾਂ ਦੇ ਧਰਮ ਦੀ ਪਵਿੱਤਰਤਾ ਲਈ ਖ਼ਤਰਾ ਦਸਿਆ ਹੈ। ਸਿੱਖ ਵੱਖਵਾਦੀਆਂ ਦੇ ਨਾਲ-ਨਾਲ ਗ਼ੈਰ-ਦਸਤਾਵੇਜ਼ੀ ਪ੍ਰਵਾਸੀ ਵੀ ਨਿਊਯਾਰਕ ਅਤੇ ਨਿਊਜਰਸੀ ਦੇ ਕੁਝ ਗੁਰਦੁਆਰਿਆਂ ਦੀ ਵਰਤੋਂ ਕਰਦੇ ਹਨ।ਡੋਨਾਲਡ ਟਰੰਪ ਦੇ ਸੰਯੁਕਤ ਰਾਜ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਕੁਝ ਘੰਟਿਆਂ ਦੇ ਅੰਦਰ ਕਾਰਜਕਾਰੀ ਗ੍ਰਹਿ ਦਫ਼ਤਰ ਦੇ ਸਕੱਤਰ ਬੈਂਜਾਮਿਨ ਹਫ਼ਮੈਨ ਨੇ ਇਹ ਨਿਰਦੇਸ਼ ਜਾਰੀ ਕੀਤਾ। 

ਗ੍ਰਹਿ ਦਫ਼ਤਰ ਦੇ ਬੁਲਾਰੇ ਨੇ ਕਿਹਾ, ‘‘ਇਹ ਕਾਰਵਾਈ ਸੀਬੀਪੀ ਅਤੇ ਆਈਸੀਈ ਅਧਿਕਾਰੀਆਂ ਨੂੰ ਸਾਡੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਕਾਤਲਾਂ ਤੇ ਬਲਾਤਕਾਰੀਆਂ ਸਮੇਤ ਅਪਰਾਧਕ ਵਿਦੇਸ਼ੀਆਂ ਨੂੰ ਫੜਨ ਲਈ ਤਾਕਤ ਦਿੰਦੀ ਹੈ, ਜੋ ਸਾਡੇ ਦੇਸ਼ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਹਨ।’’ ਬੁਲਾਰੇ ਨੇ ਕਿਹਾ ਕਿ ਅਪਰਾਧੀ ਹੁਣ ਗਿਫ਼ਤਾਰੀ ਤੋਂ ਬਚਣ ਲਈ ਅਮਰੀਕਾ ਦੇ ਸਕੂਲਾਂ ਅਤੇ ਚਰਚਾਂ ਵਿਚ ਛੁਪ ਨਹੀਂ ਸਕਣਗੇ। ਟਰੰਪ ਪ੍ਰਸ਼ਾਸਨ ਸਾਡੇ ਬਹਾਦਰ ਅਫ਼ਸਰਾਂ ਦੇ ਹੱਥ ਨਹੀਂ ਬੰਨ੍ਹੇਗਾ ਅਤੇ ਇਸ ਦੀ ਬਜਾਏ ਉਨ੍ਹਾਂ ਨੂੰ ਭਰੋਸਾ ਹੈ ਕਿ ਅਧਿਕਾਰੀ ਅਜਿਹੇ ਮਾਮਲਿਆਂ ਵਿਚ ਅਪਣੇ ਵਿਵੇਕ ਦੀ ਵਰਤੋਂ ਕਰਨਗੇ।

ਸਿੱਖ ਅਮਰੀਕਨ ਲੀਗਲ ਡਿਫ਼ੈਂਸ ਐਂਡ ਐਜੂਕੇਸ਼ਨ ਫ਼ੰਡ (ਐਸਏਐਲਡੀਐਫ਼) ਨੇ ਇਮੀਗ੍ਰੇਸ਼ਨ ਲਾਗੂ ਕਰਨ ਵਾਲੀਆਂ ਕਾਰਵਾਈਆਂ ਵਿਚ ਪਾਬੰਦੀ ਦਾ ਮੁੱਦਾ ਉਠਾਇਆ ਹੈ। ਧਾਰਮਕ ਸਥਾਨਾਂ ਵਰਗੇ ਸੰਵੇਦਨਸ਼ੀਲ ਖੇਤਰਾਂ ਨੂੰ ਨਾਮਜ਼ਦ ਕਰਨ ਵਾਲੇ ਪੁਰਾਣੇ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰਨ ’ਤੇ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਹਨ। ਐਸਏਐਲਡੀਐਫ਼ ਨੇ ਕਿਹਾ, ‘ਨੀਤੀ ’ਚ ਪ੍ਰੇਸ਼ਾਨ ਕਰਨ ਵਾਲੀ ਇਸ ਤਬਦੀਲੀ ਦੇ ਨਾਲ ਹੀ ਭਾਈਚਾਰੇ ਤੋਂ ਅਜਿਹੀ ਰਿਪੋਰਟ ਸਾਹਮਣੇ ਆਈ, ਜਿਸ ਵਿਚ ਨਿਰਦੇਸ਼ ਜਾਰੀ ਹੋਣ ਦੇ ਕੁੱਝ ਹੀ ਦਿਨਾਂ ਬਾਅਦ ਡੀਐਚਐਸ ਅਧਿਕਾਰੀਆਂ ਨੇ ਨਿਊਯਾਰਕ ਅਤੇ ਨਿਊਜਰਸੀ ਖੇਤਰਾਂ ’ਚ ਗੁਰਦਵਾਰਿਆਂ ਦਾ ਦੌਰਾ ਕੀਤਾ।’’

ਐਸਏਐਲਡੀਐਫ਼ਦੀ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ, ‘‘ਅਸੀਂ ਗ੍ਰਹਿ ਮੰਤਰਾਲੇ ਦੇ ਉਸ ਫ਼ੈਸਲੇ ਤੋਂ ਬਹੁਤ ਚਿੰਤਤ ਹਾਂ, ਜਿਸ ਵਿਚ ਸੰਵੇਦਨਸ਼ੀਲ ਖੇਤਰਾਂ ਦੀ ਸੁਰੱਖਿਆ ਖ਼ਤਮ ਕਰ ਦਿਤੀ ਗਈ ਹੈ ਅਤੇ ਗੁਰਦਵਾਰਿਆਂ ਵਰਗੇ ਧਾਰਮ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।’’
ਕਿਰਨ ਕੌਰ ਗਿੱਲ ਨੇ ਕਿਹਾ ਕਿ ਗੁਰਦੁਆਰੇ ਸਿਰਫ਼ ਧਾਰਮਕ ਸਥਾਨ ਨਹੀਂ ਹਨ, ਇਹ ਮਹੱਤਵਪੂਰਨ ਭਾਈਚਾਰਕ ਕੇਂਦਰ ਹਨ ਜੋ ਸਿੱਖਾਂ ਅਤੇ ਵਿਆਪਕ ਭਾਈਚਾਰੇ ਨੂੰ ਸਹਾਇਤਾ, ਪੋਸ਼ਣ ਅਤੇ ਅਧਿਆਤਮਕ ਸ਼ਾਂਤੀ ਪ੍ਰਦਾਨ ਕਰਦੇ ਹਨ। ਗਿੱਲ ਨੇ ਕਿਹਾ, ‘‘ਇਨ੍ਹਾਂ ਥਾਵਾਂ ਨੂੰ ਕਾਰਵਾਈ ਲਈ ਨਿਸ਼ਾਨਾ ਬਣਾਉਣਾ ਸਾਡੇ ਵਿਸ਼ਵਾਸ ਦੀ ਪਵਿੱਤਰਤਾ ਨੂੰ ਖ਼ਤਰੇ ਵਿਚ ਪਾਉਂਦਾ ਹੈ। ਦੇਸ਼ ਭਰ ਦੇ ਗ਼ੈਰ ਪ੍ਰਵਾਸੀ ਭਾਈਚਾਰਿਆਂ ਨੂੰ ਚਿੰਤਾਜਨਕ ਸੰਦੇਸ਼ ਦਿੰਦਾ ਹੈ।’’