ਜਾਣੋ ਕਿਉਂ ਲੱਖਾਂ ਰੁਪਏ ’ਚ ਵਿਕੀ ਇਹ ਕਿਤਾਬ, ਜਿਸ ਦੇ ਪਹਿਲੇ ਪੰਨੇ ’ਤੇ ਲੇਖਕ ਦਾ ਨਾਂ ਵੀ ਗ਼ਲਤ ਲਿਖਿਆ ਗਿਆ ਸੀ
ਹੈਰੀ ਪੋਟਰ ਕਿਤਾਬ ਦੀ ਸ਼ੁਰੂਆਤੀ ‘ਪਰੂਫ਼ ਕਾਪੀ’ ਨੂੰ ਖ਼ਰੀਦ ਕੇ ਕਈ ਸਾਲ ਭੁੱਲਾ ਬੈਠਾ ਰਿਹਾ ਵਿਅਕਤੀ
ਲੰਡਨ: ਕਰੀਬ 30 ਸਾਲ ਪਹਿਲਾਂ ਪੁਰਾਣੀਆਂ ਕਿਤਾਬਾਂ ਵੇਚਣ ਵਾਲੀ ਇਕ ਦੁਕਾਨ ਤੋਂ ਸਿਰਫ਼ ਕੁਝ ਰੁਪਿਆਂ ’ਚ ਖ਼ਰੀਦੀ ਗਈ ਹੈਰੀ ਪੋਟਰ ਲੜੀ ਦੇ ਪਹਿਲੇ ਨਾਵਲ ਦੀ ਸ਼ੁਰੂਆਤੀ ਕਾਪੀ (ਪਰੂਫ਼ ਕਾਪੀ) ਨੀਲਾਮੀ ’ਚ 11 ਹਜ਼ਾਰ ਪਾਊਂਡ (ਲਗਭਗ 11.5 ਲੱਖ ਰੁਪਏ) ’ਚ ਵਿਕੀ ਹੈ।
ਬ੍ਰਿਟਿਸ਼ ਨਿਲਾਮੀ ਕਰਤਾ ਹੈਨਸਨ ਨੇ ਸੋਮਵਾਰ ਨੂੰ ਕਿਹਾ ਕਿ ‘ਹੈਰੀ ਪੋਟਰ ਐਂਡ ਦਿ ਫਿਲਾਸਫਰਸ ਸਟੋਨ’ ਦੇ ਪਹਿਲੇ ਐਡੀਸ਼ਨ ਦੀ ਇਕ ਕਾਪੀ 1997 ਵਿਚ ਦਖਣੀ ਲੰਡਨ ਦੀ ਇਕ ਦੁਕਾਨ ਤੋਂ ਕੁਲ 40 ਪੈਂਸ (ਅੱਜ ਦੇ ਲਗਭਗ 41 ਰੁਪਏ) ਵਿਚ ਖਰੀਦੀ ਗਈ ਸੀ। ਇਸ ਕਾਪੀ ਦੇ ਕਵਰ ਪੇਜ ’ਤੇ ਲਿਖਿਆ ਹੈ ‘ਅਨਮੋਡੀਫਾਈਡ ਪਰੂਫ਼ ਕਾਪੀ’।
ਹੈਨਸਨ ਨੇ ਕਿਤਾਬ ਖਰੀਦਣ ਵਾਲੀ ਔਰਤ ਦਾ ਨਾਮ ਨਹੀਂ ਦਸਿਆ। ਉਸ ਨੇ ਕਿਹਾ ਕਿ ਵਿਕਰੀਕਰਤਾ ਨੇ ਇਸ ਕਿਤਾਬ ਨੂੰ ਹੋਰ ਕਿਤਾਬਾਂ ਦੇ ਨਾਲ ਵੈਸੇ ਹੀ ਖਰੀਦ ਲਿਆ ਸੀ ਅਤੇ ਖਰੀਦਣ ਤੋਂ ਬਾਅਦ ਵੀ ਉਸ ਨੇ ਕਈ ਸਾਲਾਂ ਤਕ ਇਸ ਨੂੰ ਨਹੀਂ ਪੜ੍ਹਿਆ ਅਤੇ ਨਾ ਹੀ ਇਸ ਵਲ ਧਿਆਨ ਦਿਤਾ। ਉਸ ਨੂੰ ਕਈ ਸਾਲਾਂ ਬਾਅਦ ਆਨਲਾਈਨ ਪਤਾ ਲੱਗਿਆ ਕਿ ਹੈਰੀ ਪੋਟਰ ਦੀਆਂ ਕਾਪੀਆਂ ਬਹੁਤ ਜ਼ਿਆਦਾ ਕੀਮਤਾਂ ’ਤੇ ਵਿਕ ਰਹੀਆਂ ਸਨ।
ਇਹ ਕਿਤਾਬ ਬੁਧਵਾਰ ਨੂੰ ਇਕ ਬ੍ਰਿਟਿਸ਼ ਵਿਅਕਤੀ ਨੂੰ 11,000 ਪੌਂਡ ਵਿਚ ਵੇਚੀ ਗਈ। ਨਿਲਾਮੀ ਸੰਸਥਾ ਦੇ ਕਿਤਾਬ ਵਿਭਾਗ ਦੇ ਮੁਖੀ ਜਿਮ ਸਪੈਂਸਰ ਨੇ ਕਿਹਾ ਕਿ ਕਾਪੀ ਦੇ ਅੰਦਰਲੇ ਸਿਰਲੇਖ ਪੰਨੇ ’ਤੇ ਲੇਖਕ ਦਾ ਨਾਮ ਜੇ.ਕੇ. ਰੋਲਿੰਗ ਦੀ ਬਜਾਏ, ਗਲਤੀ ਨਾਲ ‘ਜੇ. ਏ. ਰੋਲਿੰਗ’ ਲਿਖਿਆ ਹੈ।