ਕਿਮ ਜੋਂਗ ਨੇ ਦੱਖਣੀ ਕੋਰੀਆ ਨੂੰ ਦਿਤੀ ਪਰਮਾਣੂ ਹਮਲੇ ਦੀ ਚਿਤਾਵਨੀ
ਸਿਓਲ ਨਾਲ ਗੱਲਬਾਤ ਤੋਂ ਵੀ ਕੀਤਾ ਇਨਕਾਰ
ਸਿਓਲ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਚੇਤਾਵਨੀ ਦਿਤੀ ਹੈ ਕਿ ਜੇਕਰ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਹੋਇਆ ਤਾਂ ਪ੍ਰਮਾਣੂ ਹਥਿਆਰਾਂ ਨਾਲ ਲੈਸ ਉਨ੍ਹਾਂ ਦਾ ਦੇਸ਼ ਦੱਖਣੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵਾਰ ਫਿਰ ਸਿਓਲ ਨਾਲ ਗੱਲਬਾਤ ਤੋਂ ਇਨਕਾਰ ਕਰ ਦਿਤਾ।
ਸਰਕਾਰੀ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿਤੀ। ਹਾਲਾਂਕਿ, ਸੱਤਾਧਾਰੀ ਪਾਰਟੀ ਦੀ ਮੀਟਿੰਗ ਦੇ ਅੰਤ ’ਚ ਅਗਲੇ ਪੰਜ ਸਾਲਾਂ ਲਈ ਆਪਣੇ ਨੀਤੀਗਤ ਟੀਚਿਆਂ ਦੀ ਰੂਪਰੇਖਾ ਦਿੰਦੇ ਹੋਏ, ਉਨ੍ਹਾਂ ਨੇ ਵਾਸ਼ਿੰਗਟਨ ਨਾਲ ਗੱਲਬਾਤ ਲਈ ਦਰਵਾਜ਼ਾ ਖੁੱਲ੍ਹਾ ਰੱਖਿਆ।
ਹਾਲ ਹੀ ਦੇ ਸਾਲਾਂ ਵਿਚ ਕਿਮ ਨੇ ਸਿਓਲ ਪ੍ਰਤੀ ਆਪਣੀ ਬਿਆਨਬਾਜ਼ੀ ਨੂੰ ਤੇਜ਼ ਕੀਤਾ ਹੈ ਅਤੇ ਇਸ ਨਾਲ ਕੂਟਨੀਤੀ ਨੂੰ ਰੱਦ ਕਰਨ ’ਤੇ ਜ਼ੋਰ ਦਿਤਾ ਹੈ। ਅਧਿਕਾਰਤ ਕੋਰੀਆਈ ਕੇਂਦਰੀ ਨਿਊਜ਼ ਏਜੰਸੀ ਨੇ ਕਿਹਾ ਕਿ ਕਿਮ ਨੇ ਅਪਣੀ ਪ੍ਰਮਾਣੂ ਹਥਿਆਰਬੰਦ ਫ਼ੌਜ ਨੂੰ ਮਜ਼ਬੂਤ ਕਰਨ ਲਈ ਨਵੇਂ ਹਥਿਆਰ ਪ੍ਰਣਾਲੀਆਂ ਵਿਕਸਤ ਕਰਨ ਦੀ ਵੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ ਪ੍ਰਮਾਣੂ ਅਤੇ ਮਿਜ਼ਾਈਲ ਖੇਤਰਾਂ ਵਿਚ ਤੇਜ਼ੀ ਨਾਲ ਵਿਕਾਸ ਨੇ ਦੇਸ਼ ਨੂੰ ਇਕ ਪ੍ਰਮਾਣੂ ਹਥਿਆਰਬੰਦ ਰਾਜ ਵਿਚ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਲੰਬੇ ਸਮੇਂ ਤੋਂ ਰੁਕੀਆਂ ਹੋਈਆਂ ਗੱਲਬਾਤਾਂ ਨੂੰ ਮੁੜ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਉੱਤਰੀ ਕੋਰੀਆ ਪ੍ਰਤੀ ਅਪਣੀ ਤਥਾਕਥਿਤ ਦੁਸ਼ਮਣੀ ਭਰੀ ਨੀਤੀਆਂ ਨੂੰ ਛੱਡਣਾ ਪਵੇਗਾ। (ਏਜੰਸੀ)