ਕੱਟੜਪੰਥੀ ਹਮਲੇ 'ਚ 50 ਜਣਿਆਂ ਦੀ ਮੌਤ
ਅਫ਼ਗ਼ਾਨਿਸਤਾਨ ਦੇ ਅਧਿਕਾਰੀਆਂ ਮੁਤਾਬਕ ਸਾਰੀਪੁਲ ਸੂਬੇ 'ਚ ਹੋਏ ਕੱਟੜਪੰਥੀ ਹਮਲੇ 'ਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ
ਕਾਬੁਲ, 7 ਅਗੱਸਤ : ਅਫ਼ਗ਼ਾਨਿਸਤਾਨ ਦੇ ਅਧਿਕਾਰੀਆਂ ਮੁਤਾਬਕ ਸਾਰੀਪੁਲ ਸੂਬੇ 'ਚ ਹੋਏ ਕੱਟੜਪੰਥੀ ਹਮਲੇ 'ਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।
ਅਧਿਕਾਰੀਆਂ ਨੇ ਦਸਿਆ ਕਿ ਹਮਲਾਵਰਾਂ ਨੇ ਸਾਰੀਪੁਲ ਸੂਬੇ ਦੇ ਮਿਰਜ਼ਾਵਾਲਾਂਗ ਖੇਤਰ 'ਚ ਇਕ ਸੁਰੱਖਿਆ ਚੌਕੀ ਨੂੰ ਨਿਸ਼ਾਨਾ ਬਣਾਇਆ। ਇਸ ਚੌਕੀ ਦੀ ਨਿਗਰਾਨੀ ਸਥਾਨਕ ਪੁਲਿਸ ਦੇ ਹੱਥ 'ਚ ਸੀ। ਅਧਿਕਾਰੀਆਂ ਮੁਤਾਬਕ ਇਸ ਮਗਰੋਂ ਹਮਲਾਵਰ ਇਕ ਪਿੰਡ 'ਚ ਦਾਖ਼ਲ ਹੋਇਆ ਅਤੇ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿਤਾ। ਹਮਲਾਵਰਾਂ ਨੇ ਕਈ ਘਰਾਂ ਨੂੰ ਅੱਗ ਲਗਾ ਦਿਤੀ।
ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਇਕ ਬਿਆਨ 'ਚ ਕਿਹਾ, ''ਕੱਟੜਪੰਥੀਆਂ ਨੇ ਇਕ ਵਾਰ ਫਿਰ ਔਰਤਾਂ ਤੇ ਬੱਚਿਆਂ ਸਮੇਤ ਆਮ ਲੋਕਾਂ ਦੀ ਜਾਨ ਲਈ ਹੈ। ਉਨ੍ਹਾਂ ਦੀ ਇਹ ਕਾਇਰਤਾਪੂਰਨ ਹਰਕਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਯੁੱਧ ਅਪਰਾਧ ਹੈ।'' ਸੂਬੇ ਦੇ ਇਕ ਬੁਲਾਰੇ ਨੇ ਦਸਿਆ ਕਿ ਆਮ ਲੋਕਾਂ ਨੂੰ ਬਹੁਤ ਬੇਰਹਿਮ ਅਤੇ ਅਣਮਨੁੱਖੀ ਤਰੀਕੇ ਨਾਲ ਮਾਰਿਆ ਗਿਆ। ਉਨ੍ਹਾਂ ਦਸਿਆ ਕਿ ਅਫ਼ਗ਼ਾਨਿਸਤਾਨ ਦੀ ਸੁਰੱਖਿਆ ਫ਼ੌਜ ਦੇ 7 ਜਵਾਨ ਵੀ ਸ਼ਹੀਦ ਹੋਏ ਹਨ ਅਤੇ ਹਮਲਾਵਰ ਦੇ ਵੀ ਮਾਰੇ ਜਾਣ ਦਾ ਖ਼ਦਸ਼ਾ ਹੈ। ਬੁਲਾਰੇ ਮੁਤਾਬਕ ਹਮਲਾਵਰਾਂ 'ਚ ਤਾਲਿਬਾਨ ਅਤੇ ਇਸਲਾਮਿਕ ਸਟੇਟ ਸੰਗਠਨ ਦੇ ਲੜਾਕੇ ਸ਼ਾਮਲ ਸਨ। ਇਨ੍ਹਾਂ 'ਚ ਕੁੱਝ ਵਿਦੇਸ਼ੀ ਲੜਾਕੇ ਵੀ ਸਨ।
ਤਾਲਿਬਾਨ ਨੇ ਕਿਹਾ ਹੈ ਕਿ ਉਸ ਨੇ ਆਮ ਲੋਕਾਂ ਦੀ ਜਾਨ ਨਹੀਂ ਲਈ ਅਤੇ ਉਸ ਦੇ ਲੜਾਕਿਆਂ ਨੇ ਖੇਤਰ 'ਚ ਸਰਕਾਰ ਦੇ ਸਮਰਥਨ ਵਾਲੀ ਮਿਲੀਸ਼ੀਆ ਦੇ 28 ਮੈਂਬਰਾਂ ਨੂੰ ਮਾਰਿਆ ਹੈ। ਅਫ਼ਗ਼ਾਨਿਸਤਾਨ 'ਚ ਹਾਲ ਹੀ ਦੇ ਮਹੀਨਿਆਂ ਦੌਰਾਨ ਸੰਘਰਸ਼ 'ਚ ਤੇਜ਼ੀ ਆਈ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਸਾਲ ਦੇ ਸ਼ੁਰੂਆਤੀ 6 ਮਹੀਨਿਆਂ ਦੌਰਾਨ 1662 ਆਮ ਲੋਕਾਂ ਦੀ ਮੌਤ ਹੋ ਚੁਕੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਫ਼ਗ਼ਾਨਿਸਤਾਨ ਦੀ ਫ਼ੌਜ ਅਤੇ ਪੁਲਿਸ ਦੀ ਮਦਦ ਕਰਨ ਵਾਲੇ ਅਮਰੀਕੀ ਫ਼ੌਜੀਆਂ ਦੀ ਗਿਣਤੀ ਵਧਾਉਣ ਬਾਰੇ ਵਿਚਾਰ ਕਰ ਰਹੇ ਹਨ।