ਉੱਤਰ ਕੋਰੀਆ ਤੋਂ ਡਰਨ ਵਾਲਾ ਨਹੀਂ ਹੈ ਅਮਰੀਕਾ : ਨਿੱਕੀ ਹੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਮਾਣੂ ਹਥਿਆਰ ਪ੍ਰੋਗਰਾਮ ਵਾਪਸ ਲੈਣ ਦੇ ਸਬੰਧ 'ਚ ਪਿਯੋਂਗਯਾਂਗ ਦੇ ਇਨਕਾਰ ਕਰਨ ਮਗਰੋਂ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ...

Nikki Haley

ਵਾਸ਼ਿੰਗਟਨ, 8 ਅਗੱਸਤ : ਪ੍ਰਮਾਣੂ ਹਥਿਆਰ ਪ੍ਰੋਗਰਾਮ ਵਾਪਸ ਲੈਣ ਦੇ ਸਬੰਧ 'ਚ ਪਿਯੋਂਗਯਾਂਗ ਦੇ ਇਨਕਾਰ ਕਰਨ ਮਗਰੋਂ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਵਾਸ਼ਿੰਗਟਨ ਅਤੇ ਅੰਤਰ ਰਾਸ਼ਟਰੀ ਸਮੁਦਾਇ ਉੇੱਤਰੀ ਕੋਰੀਆ ਤੋਂ ਡਰਨ ਵਾਲਾ ਨਹੀਂ ਹੈ।
ਹੈਲੀ ਨੇ ਇਕ ਬਿਆਨ ਵਿਚ ਕਿਹਾ, ''ਹਾਲੇ ਜੋ ਵੀ ਹੋ ਰਿਹਾ ਹੈ, ਸਾਨੂੰ ਸਾਰਿਆਂ ਨੂੰ ਉਸ ਲਈ ਫ਼ਿਕਰਮੰਦ ਹੋਣਾ ਚਾਹੀਦਾ ਹੈ। ਹੁਣ ਉਹ (ਉੱਤਰੀ ਕੋਰੀਆ) ਵੇਖ ਸਕਦਾ ਹੈ ਕਿ ਅੰਤਰ ਰਾਸ਼ਟਰੀ ਸਮੁਦਾਇ ਇਕਜੁਟ ਹਨ।'' ਉਨ੍ਹਾਂ ਕਿਹਾ, ''ਚੀਨ ਅਤੇ ਰੂਸ ਸਾਡੇ ਨਾਲ ਹਨ। ਸੁਰੱਖਿਆ ਪ੍ਰੀਸ਼ਦ ਦੇ ਸਾਰੇ ਮੈਂਬਰ ਅਤੇ ਅੰਤਰ ਰਾਸ਼ਟਰੀ ਸਮੁਦਾਇ ਦਾ ਇਹ ਕਹਿਣਾ ਹੈ ਕਿ ਹੁਣ ਬਹੁਤ ਹੋਇਆ। ਉੱਤਰੀ ਕੋਰੀਆ ਨੂੰ ਇਹ ਰੋਕਣਾ ਹੀ ਹੋਵੇਗਾ।''
ਹੈਲੀ ਨੇ ਕਿਹਾ, ''ਇਹ ਲਾਪਰਵਾਹੀ ਹੈ। ਅੰਤਰ ਰਾਸ਼ਟਰੀ ਸਮੁਦਾਇ ਇਹ ਕਹਿਣ ਲਈ ਜ਼ਮੀਨੀ ਕਾਰਵਾਈ ਕਰ ਰਿਹਾ ਹੈ ਕਿ ਅਸੀਂ ਹੁਣ ਉੱਤਰੀ ਕੋਰੀਆ ਨੂੰ ਅਜਿਹਾ ਕਰਦੇ ਹੋਰ ਨਹੀਂ ਵੇਖਾਂਗੇ। ਹੁਣ ਉੱਤਰੀ ਕੋਰੀਆ ਨੂੰ ਜਵਾਬ ਦੇਣਾ ਹੀ ਹੋਵੇਗਾ। ਹਾਂ, ਉਹ ਸਾਨੂੰ ਡਰਾਉਣਾ ਚਾਹੁੰਦੇ ਹਨ ਪਰ ਅਸੀਂ ਉਨ੍ਹਾਂ ਤੋਂ ਡਰਨ ਵਾਲੇ ਨਹੀਂ ਹਾਂ।'' ਹੈਲੀ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਵਿਚ ਉੱਤਰੀ ਕੋਰੀਆ 'ਤੇ ਪਾਬੰਦੀ ਲਗਾਏ ਜਾਣ ਸਬੰਧੀ ਪ੍ਰਸਤਾਵ ਦੇ ਸਮਰਥਨ ਵਿਚ ਵੋਟ ਦੇਣ ਲਈ ਰੂਸ ਅਤੇ ਚੀਨ ਦੀ ਸ਼ਲਾਘਾ ਕੀਤੀ।
ਬੀਜਿੰਗ ਦੇ ਉੱਚ ਡਿਪਲੋਮੈਟ ਨੇ ਕਿਹਾ ਕਿ ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਉਨ੍ਹਾਂ ਵਿਰੁਧ ਸੰਯੁਕਤ ਰਾਸ਼ਟਰ ਦੀਆਂ ਤਾਜ਼ਾ ਪਾਬੰਦੀਆਂ ਨੂੰ ਲਾਗੂ ਕਰਨ ਲਈ ਚੀਨ 100 ਫ਼ੀ ਸਦੀ ਵਚਨਬੱਧ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਫਿਲੀਪੀਨਜ਼ ਦੀ ਰਾਜਧਾਨੀ 'ਚ ਇਕ ਖੇਤਰੀ ਸੁਰੱਖਿਆ ਮੰਚ ਤੋਂ ਪੱਤਰਕਾਰਾਂ ਨੂੰ ਕਿਹਾ, ''ਚੀਨ ਨਵੇਂ ਪ੍ਰਸਤਾਵ ਨੂੰ 100 ਫ਼ੀ ਸਦੀ ਅਤੇ ਸਖ਼ਤੀ ਨਾਲ ਲਾਗੂ ਕਰੇਗਾ।'' (ਪੀਟੀਆਈ)