ਲਾਹੌਰ 'ਚ ਬੰਬ ਧਮਾਕਾ, ਇਕ ਹਲਾਕ ਤੇ 46 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਲਾਹੌਰ ਵਿਖੇ ਪਾਰਕਿੰਗ ਸਟੈਂਡ 'ਚ ਖੜੇ ਇਕ ਟਰੱਕ ਵਿਚ ਸੋਮਵਾਰ ਦੇਰ ਰਾਤ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 46 ਜਣੇ ਜ਼ਖ਼ਮੀ

Bus attack

ਲਾਹੌਰ, 8 ਅਗੱਸਤ : ਪਾਕਿਸਤਾਨ ਦੇ ਲਾਹੌਰ ਵਿਖੇ ਪਾਰਕਿੰਗ ਸਟੈਂਡ 'ਚ ਖੜੇ ਇਕ ਟਰੱਕ ਵਿਚ ਸੋਮਵਾਰ ਦੇਰ ਰਾਤ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 46 ਜਣੇ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ ਚਾਰ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਟਰੱਕ ਵਿਚ ਫ਼ਲ ਲੱਦੇ ਹੋਏ ਸਨ ਅਤੇ ਜਿਵੇਂ ਹੀ ਇਹ ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆਇਆ ਤਾਂ ਉਸ ਵਿਚ ਧਮਾਕਾ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਟਰੱਕ ਵਿਚ ਧਮਾਕਾਖੇਜ਼ ਸਮਗਰੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਧਮਾਕੇ ਰਾਹੀਂ ਨਵਾਜ਼ ਸ਼ਰੀਫ਼ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਜਿਸ ਸੜਕ 'ਤੇ ਇਹ ਧਮਾਕਾ ਹੋਇਆ, ਉਸੇ ਰਸਤੇ ਤੋਂ ਨਵਾਜ਼ ਸ਼ਰੀਫ਼ ਦਾ ਕਾਫ਼ਲਾ ਜਾਣ ਵਾਲਾ ਸੀ।
ਜਾਂਚ ਅਧਿਕਾਰੀਆਂ ਮੁਤਾਬਕ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਟਨਾ ਵਾਲੀ ਥਾਂ 'ਤੇ 10 ਤੋਂ 15 ਫ਼ੁਟ ਡੁੰਘਾ ਟੋਆ ਪੈ ਗਿਆ। ਪ੍ਰਤੱਖਦਰਸ਼ੀਆਂ ਮੁਤਾਬਕ ਧਮਾਕੇ 'ਚ 100 ਤੋਂ ਵੱਧ ਗੱਡੀਆਂ ਨੁਕਸਾਨੀਆਂ ਗਈਆਂ ਹਨ। ਇਨ੍ਹਾਂ 'ਚ ਕਾਰ, ਮਿੰਨੀ ਟਰੱਕ ਅਤੇ ਮੋਟਰਸਾਈਕਲ ਸ਼ਾਮਲ ਹਨ। ਇਕ ਹੋਰ ਪ੍ਰਤੱਖਦਰਸ਼ੀ ਨੇ ਦਸਿਆ ਕਿ ਟਰੱਕ ਦੇ ਆਸਪਾਸ ਖੜੀਆਂ ਤਿੰਨ-ਚਾਰ ਕਾਰਾਂ ਧਮਾਕੇ ਕਾਰਨ 10 ਫ਼ੁਟ ਤਕ ਹਵਾ 'ਚ ਉੱਛਲ ਗਈਆਂ।
ਪ੍ਰਤੱਖਦਰਸ਼ੀ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸਪਾਸ ਦੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਇਕ ਸਕੂਲ ਦੀ ਛੱਤ ਉਡ ਗਈ। ਇਸ ਤੋਂ ਇਲਾਵਾ ਸਗੈਨ ਗ੍ਰਿਡ ਸਟੇਸ਼ਨ ਦੀਆਂ ਹਾਈ ਵੋਲਟੇਜ਼ ਤਾਰਾਂ ਵੀ ਸੜ ਗਈਆਂ, ਜਿਸ ਕਾਰਨ ਇਲਾਕੇ 'ਚ ਬਿਜਲੀ ਬੰਦ ਹੋ ਗਈ। ਧਮਾਕੇ ਦੀ ਆਵਾਜ਼ ਸ਼ਹਿਰ ਦੇ 4 ਤੋਂ 5 ਕਿਲੋਮੀਟਰ ਤਕ ਦੇ ਇਲਾਕੇ 'ਚ ਸੁਣੀ ਗਈ।
ਅਧਿਕਾਰੀਆਂ ਮੁਤਾਬਕ ਟਰੱਕ 'ਚ ਵੱਡੀ ਗਿਣਤੀ ਵਿਚ ਧਮਾਕਾ ਸਮਗਰੀ ਰੱਖੀ ਗਈ ਸੀ, ਜਿਸ ਦੇ ਵਜ਼ਨ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਜਿਥੇ ਇਹ ਧਮਾਕਾ ਹੋਇਆ, ਉਸੇ ਰਸਤੇ ਤੋਂ ਨਵਾਜ਼ ਦੀ ਰੈਲੀ ਦਾ ਕਾਫ਼ਲਾ ਇਸਲਾਮਾਬਾਦ ਜਾਣ ਵਾਲਾ ਸੀ।
ਜ਼ਿਕਰਯੋਗ ਹੈ ਕਿ ਬੀਤੀ 24 ਜੁਲਾਈ ਨੂੰ ਇਕ ਤਾਲਿਬਾਨੀ ਆਤਮਘਾਤੀ ਹਮਲਾਵਾਰ ਨੇ ਪੰਜਾਬ (ਪਾਕਿਸਤਾਨ) ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਦਫ਼ਰ ਨੇੜੇ ਪੁਲਿਸ ਦੀ ਇਕ ਟੀਮ 'ਤੇ ਹਮਲਾ ਕਰ ਦਿਤਾ ਸੀ, ਜਿਸ 'ਚ ਪੁਲਿਸ ਮੁਲਾਜ਼ਮਾਂ ਸਮੇਤ 27 ਲੋਕ ਮਾਰੇ ਗਏ ਸਨ। ਇਸ ਤੋਂ ਪਹਿਲਾਂ ਅਪ੍ਰੈਲ 'ਚ ਲਾਹੌਰ ਦੀ ਬੇਡੈਨ ਸੜਕ 'ਤੇ ਮਰਦਮਸ਼ੁਮਾਰੀ ਦਾ ਅੰਕੜਾ ਇਕੱਤਰ ਕਰਨ ਵਾਲੀ ਇਕ ਟੀਮ 'ਤੇ ਆਤਮਘਾਤੀ ਹਮਲਾਵਰ ਨੇ ਹਮਲਾ ਕਰ ਦਿਤਾ ਸੀ, ਜਿਸ 'ਚ 6 ਲੋਕ ਮਾਰੇ ਗਏ ਸਨ ਅਤੇ 15 ਹੋਰ ਜ਼ਖ਼ਮੀ ਹੋ ਗਏ ਸਨ। (ਪੀਟੀਆਈ)