ਸਾਊਦੀ ਅਰਬ ਨੇ ਬਾਗ਼ੀਆਂ ਦੀਆਂ 7 ਮਿਜ਼ਾਈਆਂ ਤਬਾਹ ਕੀਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਿਸਰ ਦੇ ਇਕ ਨਾਗਰਿਕ ਦੀ ਮੌਤ

Saudi Arabia Missile

ਸਾਊਦੀ ਅਰਬ ਦੀ ਹਵਾਈ ਫ਼ੌਜ ਨੇ ਸੋਮਵਾਰ ਨੂੰ ਯਮਨ ਦੇ ਹੂਤੀ ਬਾਗ਼ੀਆਂ ਵਲੋਂ ਦਾਗ਼ੀ ਗਈਆਂ 7 ਬੈਲਿਸਟਿਕ ਮਿਜ਼ਾਈਲਾਂ ਨੂੰ ਤਬਾਹ ਕਰ ਦਿਤਾ। ਇਕ ਮੀਡੀਆ ਰੀਪੋਰਟ ਮੁਤਾਬਕ  ਸਾਊਦੀ ਅਰਬ ਦੀ ਅਗਵਾਈ ਵਾਲੇ ਅਰਬ ਗਠਜੋੜ ਦੇ ਬੁਲਾਰੇ ਤੁਰਕੀ ਅਲ-ਮਲਕੀ ਨੇ ਇਸ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਦਸਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਮਿਜ਼ਾਈਲਾਂ ਰਿਆਦ, ਇਕ ਅਸੀਰ ਸੂਬੇ ਦੇ ਖਾਮੀਸ ਮੁਸ਼ੈਤ, ਇਕ ਨਜ਼ਰਾਨ ਅਤੇ ਦੋ ਜਿਜਾਨ ਨੂੰ ਨਿਸ਼ਾਨਾ ਬਣਾ ਕੇ ਦਾਗ਼ੀਆਂ ਗਈਆਂ ਸਨ।
ਅਲ-ਮਲਕੀ ਅਨੁਸਾਰ ਮਿਜ਼ਾਈਲਾਂ ਨੂੰ ਰੋਕਣ ਦੇ ਨਤੀਜੇ ਵਜੋਂ ਇਸ 'ਚ ਹੋਏ ਧਮਕੇ ਮਗਰੋਂ ਟੁਕੜੇ ਆਸਪਾਸ ਦੇ ਰਿਹਾਇਸ਼ੀ ਖੇਤਰਾਂ 'ਚ ਡਿੱਗ ਗਏ, ਜਿਸ ਕਾਰਨ ਮਿਸਰ ਦੇ ਇਕ ਨਾਗਰਿਕ ਦੀ ਮੌਤ ਹੋ ਗਈ। ਅਲ-ਮਲਕੀ ਨੇ ਦਸਿਆ ਕਿ ਮਿਜ਼ਾਈਲ ਹਮਲੇ ਦਾ ਉਦੇਸ਼ ਸਾਊਦੀ ਅਰਬ ਅਤੇ ਖੇਤਰ ਦੀ ਸੁਰੱਖਿਆ ਨੂੰ ਪ੍ਰਭਾਵਤ ਕਰਨਾ ਸੀ। ਉਨ੍ਹਾਂ ਕਿਹਾ ਕਿ ਈਰਾਨ ਵਲੋਂ ਸਮਰਥਨ ਪ੍ਰਾਪਤ ਹੂਤੀ ਸੰਗਠਨ ਦੇ ਇਸ ਹਮਲੇ ਤੋਂ ਸਾਬਤ ਹੁੰਦਾ ਹੈ ਕਿ ਈਰਾਨੀ ਸਰਕਾਰ ਹਥਿਆਰਬੰਦ ਹੂਤੀ ਸੰਗਠਨ ਦਾ ਪੂਰਾ ਸਮਰਥਨ ਕਰ ਰਹੀ ਹੈ।

ਹੂਤੀ ਸੰਗਠਨ ਵਲੋਂ ਸੰਚਾਲਤ ਚੈਨਲ ਅਲ-ਮਾਰਿਸਾ ਨੇ ਦਾਅਵਾ ਕੀਤਾ ਹੈ ਕਿ ਮਿਜ਼ਾਈਲਾਂ ਦੇ ਨਿਸ਼ਾਨੇ 'ਤੇ ਰਿਆਦ ਸਥਿਤ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡੇ ਸੀ। ਪਿਛਲੇ ਹਫ਼ਤੇ ਵਾਸ਼ਿੰਗਟਨ ਦੀ ਯਾਤਰਾ 'ਤੇ ਗਏ ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਅਮਰੀਕੀ ਰਖਿਆ ਮੰਤਰੀ ਨੂੰ ਹੂਤੀ ਸੰਕਟ ਛੇਤੀ ਖ਼ਤਮ ਕਰਨ ਦੀ ਗੱਲ ਕਹੀ ਸੀ। ਮੰਨਿਆ ਜਾ ਰਿਹਾ ਹੈ ਕਿ ਹੂਤੀ ਬਾਗ਼ੀਆਂ ਨੇ ਇਸੇ ਗੱਲਬਾਤ ਦੇ ਜਵਾਬ 'ਚ ਇਹ ਹਮਲਾ ਕੀਤਾ। (ਪੀਟੀਆਈ)