ਮਿਆਂਮਾਰ ’ਚ ਜਬਰਦਸਤ ਹਿੰਸਾ, ਸੁਰੱਖਿਆਬਲਾਂ ਦੀ ਫਾਇਰਿੰਗ ’ਚ 50 ਲੋਕਾਂ ਦੀ ਮੌਤ!
ਮਿਆਂਮਾਰ ਵਿਚ ਸ਼ਨੀਵਾਰ ਨੂੰ ‘ਆਰਮਡ ਫੋਰਸਿਜ਼ ਡੇ’ ਦੇ ਮੌਕੇ ਸੁਰੱਖਿਆਬਲਾਂ...
ਨਵੀਂ ਦਿੱਲੀ: ਮਿਆਂਮਾਰ ਵਿਚ ਸ਼ਨੀਵਾਰ ਨੂੰ ‘ਆਰਮਡ ਫੋਰਸਿਜ਼ ਡੇ’ ਦੇ ਮੌਕੇ ਸੁਰੱਖਿਆਬਲਾਂ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਜਬਰਦਸਤ ਝੜਪਾਂ ਹੋਈਆਂ ਹਨ ਅਤੇ ਖਬਰਾਂ ਮਿਲ ਰਹੀਆਂ ਹਨ ਕਿ ਸੁਰੱਖਿਆਬਲਾਂ ਦੀਆਂ ਗੋਲੀਆਂ ਵਿਚ ਲਗਪਗ 50 ਲੋਕਾਂ ਦੇ ਮਾਰੇ ਜਾਣ ਦਾ ਸ਼ੱਕ ਹੈ।
ਫ਼ੌਜ ਪ੍ਰਮੁੱਖ ਮਿਨ ਆਂਗ ਲਾਈਂਗ ਨੇ ਸ਼ਨੀਵਾਰ ਨੂੰ ਨੈਸ਼ਨਲ ਟੈਲੀਵੀਜ਼ਨ ਤੇ ਅਪਣੇ ਸੰਬੋਧਨ ਵਿਚ ਕਿਹਾ ਕਿ ਉਹ ਲੋਕਤੰਤਰ ਦੀ ਰੱਖਿਆ ਕਰਨਗੇ ਅਤੇ ਵਾਅਦਾ ਕੀਤਾ ਕਿ ਦੇਸ਼ ਵਿਚ ਚੋਣਾਂ ਕਰਵਾਈਆਂ ਜਾਣਗੀਆਂ। ਪਰ ਚੋਣਾਂ ਕਦੋਂ ਕਰਾਈਆਂ ਜਾਣਗੀਆਂ, ਉਨ੍ਹਾਂ ਨੇ ਇਸ ਬਾਰੇ ਕੁਝ ਨਹੀਂ ਦੱਸਿਆ। ਮਿਆਂਮਾਰ ਵਿਚ ਇਸ ਸਾਲ ਫਰਵਰੀ ਵਿਚ ਫ਼ੌਜ ਨੇ ਤਖ਼ਤਾ ਪਲਟ ਕੀਤਾ ਅਤੇ ਸੱਤਾ ਉਤੇ ਕਾਬਜ਼ ਹੋ ਗਈ।
ਉਦੋਂ ਫ਼ੌਜ ਵਿਰੋਧੀ ਪ੍ਰਦਰਸ਼ਨਾਂ ਵਿਚ 320 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਸਰਕਾਰੀ ਟੈਲੀਵਿਜ਼ਨ ਨੇ ਸ਼ੁਕਰਵਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਲੋਕਾਂ ਨੂੰ ਬੀਤੇ ਦਿਨਾਂ ਹੋਈਆਂ ਮੌਤਾਂ ਨਾਲ ਸਬਕ ਲੈਣਾ ਚਾਹੀਦਾ ਕਿ ਉਨ੍ਹਾਂ ਨੂੰ ਵੀ ਸਿਰ ਜਾਂ ਪਿੱਛੋਂ ਗੋਲੀ ਲੱਗ ਸਕਦੀ ਹੈ। ਸ਼ਨੀਵਾਰ ਨੂੰ ਮਿਆਂਮਾਰ ਵਿਚ ਵੱਡੇ ਪੈਮਾਨੇ ਉਤੇ ਵਿਰੋਧ ਪ੍ਰਦਰਸ਼ਨ ਹੋਏ ਹਨ ਜਦਕਿ ਫ਼ੌਜ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਸਖ਼ਤੀ ਨਾਲ ਪੇਸ਼ ਆਉਣ ਦੀ ਚਿਤਾਵਨੀ ਪਹਿਲਾਂ ਹੀ ਦੇ ਦਿੱਤੀ ਸੀ।
ਮਿਆਂਮਾਰ ਦੇ ਪ੍ਰਮੁੱਖ ਸ਼ਹਿਰਾਂ ਖ਼ਾਸਤੌਰ ਤੇ ਰੰਗੂਨ ਵਿਚ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਸੁਰੱਖਿਆਬਲਾਂ ਨੇ ਕਾਫੀ ਤਿਆਰੀ ਕੀਤੀ ਸੀ। ਵੱਖ-ਵੱਖ ਥਾਵਾਂ ਤੋਂ ਮਿਲ ਰਹੀਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਸੁਰੱਖਿਆਬਲਾਂ ਦੇ ਨਾਲ ਝੜਪ ਵਿਚ ਸ਼ਨੀਵਾਰ ਨੂੰ 59 ਲੋਕ ਮਾਰੇ ਗਏ ਹਨ ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ। ਇਕ ਪੱਤਰਕਾਰ ਨੇ ਸਮਾਚਾਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਉਤੇ ਗੋਲੀਆਂ ਚਲਾਈਆਂ ਹਨ।