ਬਾਲਟੀਮੋਰ ਪੁਲ ਹਾਦਸਾ : ਕਈ ਜਾਨਾਂ ਬਚਾਉਣ ਲਈ ਅਮਰੀਕੀ ਰਾਸ਼ਟਰਪਤੀ ਨੇ ਭਾਰਤੀ ਚਾਲਕ ਦਲ ਦੀ ਕੀਤੀ ਤਾਰੀਫ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਸਮੇਂ ਸਿਰ ਸੂਚਿਤ ਕਰ ਕੇ ਵੱਡਾ ਜਾਨੀ ਨੁਕਸਾਨ ਬਚਾ ਲਿਆ, ਬਾਲਟੀਮੋਰ ਦੇ ਮੇਅਰ ਨੇ ਵੀ ਭਾਰਤੀ ਚਾਲਕ ਦਲ ਨੂੰ ਹੀਰੋ ਦਸਿਆ

Baltimore bridge collapse file Photo.

ਨਿਊਯਾਰਕ: ਅਮਰੀਕਾ ’ਚ ਭਾਰਤੀ ਸਫ਼ਾਰਤਖ਼ਾਨੇ ਨੇ ਮੈਰੀਲੈਂਡ ਸੂਬੇ ਦੇ ਬਾਲਟੀਮੋਰ ’ਚ ਇਕ ਮਾਲਬਰਦਾਰ ਜਹਾਜ਼ ਦੇ ਇਕ ਵੱਡੇ ਪੁਲ ਨਾਲ ਟਕਰਾਉਣ ਅਤੇ ਇਸ ਕਾਰਨ ਪੁਲ ਦੇ ਨਦੀ ’ਚ ਡਿੱਗਣ ਦੀ ਘਟਨਾ ਨੂੰ ‘ਮੰਦਭਾਗਾ ਹਾਦਸਾ’ ਦਸਿਆ ਹੈ। ਸਮੁੰਦਰੀ ਜਹਾਜ਼ ਦਾ ਪ੍ਰਬੰਧਨ 22 ਮੈਂਬਰਾਂ ਦੇ ਭਾਰਤੀ ਚਾਲਕ ਦਲ ਵਲੋਂ ਕੀਤਾ ਜਾ ਰਿਹਾ ਸੀ। 

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵ੍ਹਾਈਟ ਹਾਊਸ ’ਚ ਕਿਹਾ ਕਿ ਜਹਾਜ਼ ’ਤੇ ਸਵਾਰ ਮੁਲਾਜ਼ਮਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੈਰੀਲੈਂਡ ਦੇ ਆਵਾਜਾਈ ਵਿਭਾਗ ਨੂੰ ਸੂਚਿਤ ਕਰ ਦਿਤਾ ਕਿ ਉਨ੍ਹਾਂ ਨੇ ਅਪਣੇ ਜਹਾਜ਼ ’ਤੇ ਕੰਟਰੋਲ ਗੁਆ ਦਿਤਾ ਹੈ। ਨਤੀਜੇ ਵਜੋਂ, ਸਥਾਨਕ ਅਧਿਕਾਰੀਆਂ ਨੇ ਪੁਲ ਦੇ ਡਿੱਗਣ ਤੋਂ ਪਹਿਲਾਂ ਹੀ ਇਸ ਨੂੰ ਆਵਾਜਾਈ ਲਈ ਬੰਦ ਕਰ ਦਿਤਾ, ਜਿਸ ਨੇ ਬਿਨਾਂ ਸ਼ੱਕ ਜਾਨਾਂ ਬਚਾਈਆਂ। ਬਾਈਡਨ ਨੇ ਕਿਹਾ ਕਿ ਉਹ ਐਮਰਜੈਂਸੀ ਹਾਲਾਤ ਦੇ ਮੱਦੇਨਜ਼ਰ ਜ਼ਰੂਰੀ ਮਦਦ ਭੇਜ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਮਿਲ ਕੇ ਉਸ ਬੰਦਰਗਾਹ ਦਾ ਮੁੜ ਨਿਰਮਾਣ ਕਰਾਂਗੇ। ਇਹ ਇਕ ਭਿਆਨਕ ਹਾਦਸਾ ਸੀ। ਇਸ ਸਮੇਂ ਸਾਡੇ ਕੋਲ ਇਹ ਮੰਨਣ ਦਾ ਕੋਈ ਸੰਕੇਤ ਨਹੀਂ ਹੈ ਕਿ ਇਹ ਜਾਣਬੁਝ ਕੇ ਕੀਤੀ ਗਈ ਕਾਰਵਾਈ ਸੀ।’’

ਮੈਰੀਲੈਂਡ ਦੇ ਗਵਰਨਰ ਵੇਸ ਮੂਰ ਨੇ ਵੀ ਪੱਤਰਕਾਰਾਂ ਨੂੰ ਦਸਿਆ ਕਿ ਜਹਾਜ਼ ਦੇ ਪੁਲ ਨਾਲ ਟਕਰਾਉਣ ਤੋਂ ਪਹਿਲਾਂ ਇਸ ਦੇ ਚਾਲਕ ਦਲ ਨੇ ਅਧਿਕਾਰੀਆਂ ਨੂੰ ਬਿਜਲੀ ਦੀਆਂ ਸਮੱਸਿਆਵਾਂ ਬਾਰੇ ਸੁਚੇਤ ਕੀਤਾ, ਜਿਸ ਨਾਲ ਪੁਲ ’ਤੇ ਆਵਾਜਾਈ ਸੀਮਤ ਹੋ ਗਈ। ਮੂਰ ਨੇ ਕਿਹਾ, ‘‘ਇਹ ਲੋਕ ਹੀਰੋ ਹਨ। ਉਸ ਨੇ ਬੀਤੀ ਰਾਤ ਕਈ ਜਾਨਾਂ ਬਚਾਈਆਂ।’’ ਇਸ ਘਟਨਾ ਕਾਰਨ ਪੂਰਬ-ਉੱਤਰ ਅਮਰੀਕਾ ’ਚ ਸਭ ਤੋਂ ਮਹੱਤਵਪੂਰਨ ਬੰਦਰਗਾਹਾਂ ’ਚੋਂ ਇਕ ’ਤੇ ਕੰਮਕਾਜ ਠੱਪ ਹੋ ਗਿਆ। ਘਟਨਾ ’ਚ ਛੇ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ ਹੈ।

ਇਹ ਜਹਾਜ਼ ਸੋਮਵਾਰ ਦੇਰ ਰਾਤ 2.6 ਕਿਲੋਮੀਟਰ ਲੰਮੇ ‘ਫਰਾਂਸਿਸ ਸਕਾਟ ਬ੍ਰਿਜ’ ਦੇ ਇਕ ਥੰਮ੍ਹ ਨਾਲ ਟਕਰਾ ਗਿਆ। ਉਦੋਂ ਬਹੁਤ ਸਾਰੀਆਂ ਕਾਰਾਂ ਪੁਲ ਤੋਂ ਲੰਘ ਰਹੀਆਂ ਸਨ। ਕੰਟੇਨਰ ਦੇ ਟਕਰਾਉਣ ਤੋਂ ਬਾਅਦ, ਪੁਲ ਟੁੱਟ ਗਿਆ ਅਤੇ ਨਦੀ ’ਚ ਡਿੱਗ ਗਿਆ। ਇਸ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ ਅਤੇ ਇਸ ਵਿਚੋਂ ਕਾਲਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਕਿਸੇ ਨੇ ਇਸ ਘਟਨਾ ਦਾ ਵੀਡੀਉ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿਤਾ। 

ਅਧਿਕਾਰੀਆਂ ਨੇ ਦਸਿਆ ਕਿ ਸਿੰਗਾਪੁਰ ਦੇ ਝੰਡੇ ਵਾਲੇ ਜਹਾਜ਼ ਡਲੀ ’ਚ ਬਿਜਲੀ ਦੀ ਸਮੱਸਿਆ ਸੀ ਅਤੇ ਪੁਲ ਨਾਲ ਟਕਰਾਉਣ ਤੋਂ ਕੁੱਝ ਪਲ ਪਹਿਲਾਂ ਇਕ ਸੰਕਟ ਸੰਦੇਸ਼ ਭੇਜਿਆ ਗਿਆ ਸੀ। ਅਮਰੀਕਾ ’ਚ ਭਾਰਤੀ ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ’ਚ ਕਿਹਾ ਕਿ ਬਾਲਟੀਮੋਰ ’ਚ ਫਰਾਂਸਿਸ ਸਕਾਟ ਬ੍ਰਿਜ ’ਤੇ ਹੋਏ ਮੰਦਭਾਗੇ ਹਾਦਸੇ ’ਚ ਪ੍ਰਭਾਵਤ ਸਾਰੇ ਲੋਕਾਂ ਨਾਲ ਸਾਡੀ ਦਿਲੀ ਹਮਦਰਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੂਤਘਰ ਨੇ ਭਾਰਤੀ ਨਾਗਰਿਕਾਂ ਲਈ ਇਕ ਸਮਰਪਿਤ ਹੌਟਲਾਈਨ ਬਣਾਈ ਹੈ ਜੋ ਇਸ ਘਟਨਾ ਕਾਰਨ ਪ੍ਰਭਾਵਤ ਹੋਏ ਹਨ ਜਾਂ ਉਨ੍ਹਾਂ ਨੂੰ ਸਹਾਇਤਾ ਦੀ ਜ਼ਰੂਰਤ ਹੈ। ਦੂਤਘਰ ਜਹਾਜ਼ ਦੇ ਚਾਲਕ ਦਲ ਦੇ ਵੇਰਵਿਆਂ ਦਾ ਪਤਾ ਲਗਾ ਰਿਹਾ ਹੈ। 

ਸਮੁੰਦਰੀ ਜਹਾਜ਼ ਦਾ ਪ੍ਰਬੰਧਨ ਕਰਨ ਵਾਲੇ ਸਿਨਰਜੀ ਮਰੀਨ ਗਰੁੱਪ ਨੇ ਇਕ ਬਿਆਨ ਵਿਚ ਕਿਹਾ ਕਿ ‘ਡਾਲੀ’ ਜਹਾਜ਼ ’ਤੇ ਚਾਲਕ ਦਲ ਦੇ 22 ਮੈਂਬਰ ਸਵਾਰ ਸਨ, ਜਿਨ੍ਹਾਂ ਵਿਚੋਂ ਸਾਰੇ ਭਾਰਤੀ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਦੋ ਪਾਇਲਟਾਂ ਸਮੇਤ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਕੋਈ ਜ਼ਖਮੀ ਨਹੀਂ ਹੋਇਆ। ਸਮੂਹ ਨੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ ਡੇਢ ਵਜੇ ਬਾਲਟੀਮੋਰ ਵਿਚ ਫਰਾਂਸਿਸ ਸਕਾਟ ਬ੍ਰਿਜ ਦੇ ਇਕ ਥੰਮ੍ਹ ਨਾਲ ਟਕਰਾ ਗਿਆ। 

ਉਸਾਰੀ ਕਾਮੇ ਇਕ ਖੱਡੇ ਨੂੰ ਭਰਨ ਲਈ ਪੁਲ ’ਤੇ ਕੰਮ ਕਰ ਰਹੇ ਸਨ ਜਦੋਂ ਇਹ ਪੁਲ ਨਾਲ ਟਕਰਾ ਗਿਆ। ਬਚਾਅ ਕਰਮਚਾਰੀਆਂ ਨੇ ਨਦੀ ’ਚੋਂ ਦੋ ਵਿਅਕਤੀਆਂ ਨੂੰ ਬਾਹਰ ਕਢਿਆ ਹੈ ਅਤੇ ਛੇ ਕਰਮਚਾਰੀ ਅਜੇ ਵੀ ਲਾਪਤਾ ਹਨ। ਲਾਪਤਾ ਕਾਮਿਆਂ ਵਿਚ ਗੁਆਟੇਮਾਲਾ, ਹੋਂਡੁਰਾਸ ਅਤੇ ਮੈਕਸੀਕੋ ਦੇ ਨਾਗਰਿਕ ਸ਼ਾਮਲ ਹਨ। ਪੂਰੇ ਦਿਨ ਦੇ ਤਲਾਸ਼ੀ ਅਤੇ ਬਚਾਅ ਕਾਰਜਾਂ ਤੋਂ ਬਾਅਦ, ਯੂਐਸ ਕੋਸਟ ਗਾਰਡ ਦੇ ਰੀਅਰ ਐਡਮਿਰਲ ਸ਼ੈਨਨ ਗਿਲਰੇਥ ਨੇ ਕਿਹਾ ਕਿ ਫੋਰਸ ਮੁਹਿੰਮ ਨੂੰ ਮੁਅੱਤਲ ਕਰ ਰਹੀ ਹੈ ਕਿਉਂਕਿ ਬਾਕੀ ਮੁਲਾਜ਼ਮਾਂ ਦੇ ਜ਼ਿੰਦਾ ਮਿਲਣ ਦੀ ਸੰਭਾਵਨਾ ਨਹੀਂ ਹੈ। ਤੱਟ ਰੱਖਿਅਕ ਬਲ ਨੇ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 7:30 ਵਜੇ ਅਪਣਾ ਤਲਾਸ਼ੀ ਅਤੇ ਬਚਾਅ ਕਾਰਜ ਮੁਲਤਵੀ ਕਰ ਦਿਤਾ। 

ਇਹ ਜਹਾਜ਼ ਗ੍ਰੇਸ ਓਸ਼ਨ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਇਹ ਜਹਾਜ਼ ਬਾਲਟੀਮੋਰ ਤੋਂ ਕੋਲੰਬੋ ਜਾ ਰਿਹਾ ਸੀ। ਬਾਲਟੀਮੋਰ ਦੀ ਬੰਦਰਗਾਹ ਦੇਸ਼ ਦੇ ਸੱਭ ਤੋਂ ਵੱਡੇ ਸ਼ਿਪਿੰਗ ਕੇਂਦਰਾਂ ’ਚੋਂ ਇਕ ਹੈ. ਇਹ ਪੁਲ 1977 ’ਚ ਖੋਲ੍ਹਿਆ ਗਿਆ ਸੀ ਅਤੇ ਪਾਟਾਸਕੋ ਨਦੀ ’ਤੇ ਬਣਾਇਆ ਗਿਆ ਹੈ ਜੋ ਇਕ ਮਹੱਤਵਪੂਰਨ ਜਲ ਮਾਰਗ ਹੈ। ਮੈਰੀਲੈਂਡ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਏਰੇਕ ਬੈਰਨ ਨੇ ਕਿਹਾ ਕਿ ਪੁਲ ਦੇ ਡਿੱਗਣ ਨਾਲ ਅਤਿਵਾਦ ਦੇ ਸਬੰਧ ਦਾ ਕੋਈ ਸਬੂਤ ਨਹੀਂ ਹੈ।